ਖੰਨਾ/ਲੁਧਿਆਣਾ: ਖੰਨਾ ਵਿਧਾਨ ਸਭਾ ਹਲਕੇ ਦੇ ਵਿੱਚ ਬੱਸ ਸਟੈਂਡ ਨੇੜੇ ਅੱਜ ਇੱਕ ਉਸ ਵੇਲੇ ਵੱਡਾ ਹਾਦਸਾ ਹੋ ਗਿਆ ਜਦੋਂ ਇੱਕ ਟੈਂਕਰ ਨੂੰ ਸੜਕ ਦੇ ਵਿੱਚ ਹੀ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਵਿਖਾਈਆਂ ਦੇ ਰਹੀਆਂ ਸਨ ਜਿਸ ਤੋਂ ਬਾਅਦ ਮੌਕੇ ਉੱਤੇ ਹੀ ਪ੍ਰਸ਼ਾਸਨ ਪਹੁੰਚਿਆ ਅਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਦੋਂ ਤੱਕ ਟੈਂਕਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਸੀ।
ਮੌਕੇ ਉੱਤੇ ਮੌਜੂਦ ਅੱਗ ਬੁਝਾਓ ਅਮਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ 12:30 ਵਜੇ ਦੇ ਕਰੀਬ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਆ ਕੇ ਮੌਕੇ ਉੱਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਕਾਫੀ ਹੱਦ ਤੱਕ ਕਾਬੂ ਪਾ ਲਿਆ, ਪਰ ਟੈਂਕਰ ਦੇ ਵਿੱਚ ਕੋਈ ਅੱਗ ਫੈਲਣ ਵਾਲਾ ਪਦਾਰਥ ਹੋਣ ਕਰਕੇ ਅੱਗ ਤੇਜ਼ੀ ਦੇ ਨਾਲ ਫੈਲ ਗਈ। ਸੂਚਨਾ ਮਿਲਦਿਆ ਹੀ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਜਿਸ ਤੋਂ ਬਾਅਦ ਹਾਈਵੇ ਤੇ ਵੱਡਾ ਜਾਮ ਵੀ ਲੱਗ ਗਿਆ। ਪੁਲਿਸ ਵੱਲੋਂ ਰੂਟ ਡਾਈਵਰਟ ਕਰਵਾਇਆ ਗਿਆ ਹੈ। ਟੈਂਕਰ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ।