ਲੁਧਿਆਣਾ: ਖੰਨਾ ਨਗਰ ਕੌਂਸਲ 'ਚ ਡੀਜ਼ਲ ਘੁਟਾਲਾ ਸਾਹਮਣੇ ਆਇਆ। ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਇੱਕ ਵਿਅਕਤੀ ਨੇ ਸਬੂਤਾਂ ਸਮੇਤ ਇਸ ਦਾ ਪਰਦਾਫਾਸ਼ ਕੀਤਾ। ਨਗਰ ਕੌਂਸਲ ਦੇ ਮੁਲਾਜ਼ਮ ’ਤੇ 30 ਲੀਟਰ ਦੀ ਪਰਚੀ 1500 ਰੁਪਏ ਵਿੱਚ ਵੇਚਣ ਦਾ ਦੋਸ਼ ਲਾਇਆ ਗਿਆ। ਜਦੋਂਕਿ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਡਿਸਪੋਜ਼ਲ 'ਤੇ ਇਕ ਮਹੀਨੇ ਵਿੱਚ 200 ਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ ਅਤੇ 2 ਹਜ਼ਾਰ ਲੀਟਰ ਦੇ ਬਿੱਲ ਬਣਾਏ ਗਏ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਮਹੇਸ਼ ਸ਼ੁਕਲਾ ਨਾਂ ਦੇ ਵਿਅਕਤੀ ਨੇ ਡੀਜ਼ਲ ਦੀ ਪਰਚੀ ਦਿਖਾਉਂਦੇ ਹੋਏ ਕਿਹਾ ਕਿ ਨਗਰ ਕੌਂਸਲ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਦੀ ਡਿਊਟੀ ਡਿਸਪੋਜ਼ਲ ’ਤੇ ਲੱਗੀ ਹੋਈ ਹੈ। ਕੁਲਵਿੰਦਰ ਉਸ ਨੂੰ ਹਰ ਮਹੀਨੇ 10 ਪਰਚੀਆਂ ਵੇਚਣ ਲਈ ਦਿੰਦਾ ਸੀ।
ਖੰਨਾ ਨਗਰ ਕੌਂਸਲ 'ਚ ਹੋਇਆ ਡੀਜ਼ਲ ਘੋਟਾਲਾ, 200 ਲੀਟਰ ਡੀਜ਼ਲ ਦੀ ਹੋਈ ਖਪਤ ਤੇ ਬਿੱਲ ਵਿਖਾਏ ਗਏ 2 ਹਜ਼ਾਰ ਲੀਟਰ ਦੇ
ਲੁਧਿਆਣਾ ਦੇ ਖੰਨਾ ਵਿੱਚ ਨਗਰ ਕੌਂਸਲ ਉੱਤੇ ਵੱਡੇ ਘੁਟਾਲੇ ਦਾ ਇਲਜ਼ਾਮ ਲੱਗਿਆ ਹੈ। ਕਿਹਾ ਜਾ ਰਿਹਾ ਹੈ ਕਿ ਨਗਰ ਕੌਂਸਲ ਨੇ 200 ਲੀਟਰ ਡੀਜ਼ਲ ਦੀ ਹੋਈ ਖਪਤ ਉੱਤੇ 2 ਹਜ਼ਾਰ ਲੀਟਰ ਦੇ ਬਿੱਲ ਬਣਾਏ ਹਨ। ਕਈ ਅਧਿਕਾਰੀਆਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।
200 ਲੀਟਰ ਦੀ ਖਪਤ, 2 ਹਜ਼ਾਰ ਲੀਟਰ ਦੇ ਬਿੱਲ: ਜਿਸ ਦੇ ਬਦਲੇ ਉਹ ਉਨ੍ਹਾਂ ਨੂੰ 2 ਪਰਚੀਆਂ ਮੁਫਤ ਦਿੰਦਾ ਸੀ। ਹਰ ਪਰਚੀ 30 ਲੀਟਰ ਦੀ ਸੀ, ਪਰਚੀ ਦਿਖਾ ਕੇ ਪੰਪ ਤੋਂ ਡੀਜ਼ਲ ਜਾਂ ਪੈਟਰੋਲ ਲਿਆ ਜਾਂਦਾ ਸੀ। ਕੁਝ ਸਮਾਂ ਪਹਿਲਾਂ ਨਗਰ ਕੌਂਸਲ ਨੇ ਪੈਟਰੋਲ ਪੰਪ ਬਦਲਿਆ। ਪੁਰਾਣੀਆਂ ਪਰਚੀਆਂ ਨਵੇਂ ਪੰਪ 'ਤੇ ਨਹੀਂ ਚੱਲੀਆਂ। ਉਸ ਕੋਲ 6 ਪਰਚੀਆਂ ਹਨ। ਜਦੋਂ ਉਹਨਾਂ ਨੇ ਕੁਲਵਿੰਦਰ ਤੋਂ ਪੈਸੇ ਮੰਗੇ ਤਾਂ ਉਸ ਨੇ ਜਵਾਬ ਦੇ ਦਿੱਤਾ। ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕੁਲਵਿੰਦਰ ਨਗਰ ਕੌਂਸਲ ਸਮੇਤ ਕਈ ਸਿਆਸੀ ਆਗੂਆਂ ਦਾ ਕਮਾਊ ਪੁੱਤ ਹੈ। ਨਗਰ ਕੌਂਸਲ ਵਿੱਚ ਹਰ ਮਹੀਨੇ ਲੱਖਾਂ ਰੁਪਏ ਦਾ ਡੀਜ਼ਲ ਘੁਟਾਲਾ ਹੋ ਰਿਹਾ ਹੈ। ਅਜਿਹਾ ਕਾਂਗਰਸ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ। ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਕਾਂਗਰਸ ਦੇ ਰਾਜ ਵਿੱਚ 200 ਲੀਟਰ ਦੀ ਖਪਤ ਅਤੇ 2 ਹਜ਼ਾਰ ਲੀਟਰ ਦੇ ਬਿੱਲਾਂ ਦਾ ਮਾਮਲਾ ਵਿਜੀਲੈਂਸ ਕੋਲ ਵੀ ਪਹੁੰਚਿਆ ਸੀ। ਉਸ ਸਮੇਂ ਸਿਆਸੀ ਦਬਾਅ ਹੇਠ ਜਾਂਚ ਰੋਕ ਦਿੱਤੀ ਗਈ ਸੀ। ਇਥੇ ਹੀ ਬੱਸ ਨਹੀਂ ਡਿਸਪੋਜ਼ਲ 'ਤੇ ਤਾਇਨਾਤ ਕੁਲਵਿੰਦਰ ਸਿੰਘ ਨੇ ਆਪਣੀ ਕੋਠੀ 'ਚ ਜੋ ਲੱਕੜ ਲਗਾਈ ਹੈ, ਉਹ ਵੀ ਨਗਰ ਕੌਂਸਲ ਦੀ ਹੈ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਸਾਰੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ: ਇਸ ਸਬੰਧੀ ਨਗਰ ਕੌਂਸਲ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਕਰੀਬ 8 ਮਹੀਨੇ ਪਹਿਲਾਂ ਡਿਸਪੋਜ਼ਲ ’ਤੇ ਲੱਗੀ ਹੈ। ਉਸ ਦਾ ਪਰਚੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੇਕਰ ਕਿਸੇ ਕੋਲ ਪੁਰਾਣੀਆਂ ਪਰਚੀਆਂ ਹਨ ਤਾਂ ਉਸਨੇ ਨਗਰ ਕੌਂਸਲ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ। ਸਾਰੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ। ਇਹਨਾਂ 'ਚ ਕੋਈ ਸੱਚਾਈ ਨਹੀਂ ਹੈ। ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਇਸਦੇ ਨਾਲ ਹੀ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ) ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਇਸ ਦੀ ਜਾਂਚ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।