ਏਅਰ ਕੁਆਲਿਟੀ ਸਬੰਧੀ ਜਾਣਕਾਰੀ ਦਿੰਦਾ ਹੋਇਆ ਪੱਤਰਕਾਰ ਲੁਧਿਆਣਾ:ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ, ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਏਅਰ ਕੁਆਲਿਟੀ ਇੰਡੈਕਸ 223 ਦਰਜ ਕੀਤਾ ਗਿਆ ਹੈ। ਜਿਸ ਤੋਂ ਜ਼ਾਹਿਰ ਹੈ ਕਿ ਪੰਜਾਬ ਦੇ ਵਿੱਚ ਆਬੋ ਹਵਾ ਲਗਾਤਾਰ ਖ਼ਰਾਬ ਹੋ ਰਹੀ ਹੈ। ਏਅਰ ਕੁਆਲਿਟੀ ਇੰਡੈਕਸ ਜਦੋਂ 50 ਤੋਂ ਉੱਤੇ ਚਲਾ ਜਾਂਦਾ ਹੈ ਤਾਂ ਉਸ ਨੂੰ ਬੇਹਦ ਮਾੜਾ ਮੰਨਿਆ ਜਾਂਦਾ ਹੈ। ਪ੍ਰਦੂਸ਼ਣ ਦੇ ਵੱਧਣ ਦਾ ਮੁੱਖ ਕਾਰਨ ਪਰਾਲੀ ਨੂੰ ਅੱਗ ਲਾਉਣ ਦੇ ਵੱਧ ਰਹੇ ਮਾਮਲੇ ਅਤੇ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਮੀਂਹ ਨਹੀਂ ਹੋ ਸਕਿਆ ਹੈ। (Punjab Air Quality Index)
ਲੁਧਿਆਣਾ ਏਅਰ ਕੁਆਲਿਟੀ ਇੰਡੈਕਸ 200 ਪਾਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲੱਗੇ ਹੋਏ ਰਿਮੋਟ ਸੈਂਸਰ ਦਾ ਸਾਡੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ, ਜਿੱਥੇ ਅੱਜ ਦਾ ਏਅਰ ਕੁਆਲਿਟੀ ਇੰਡੈਕਸ 223 ਦਿਖਾਇਆ ਜਾ ਰਿਹਾ ਸੀ ਜੋ ਕਿ ਮਨੁੱਖੀ ਸਿਹਤ ਲਈ ਕਾਫੀ ਹਾਨੀਕਾਰਕ ਹੈ, ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋ ਰਹੀ ਹੈ। ਹਾਲਾਂਕਿ ਇਹ ਅੰਕੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲੱਗੇ ਹੋਏ ਸੈਂਸਰ ਦਾ ਹੈ, ਜਦੋਂ ਕਿ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਤ ਹੋਰ ਵੀ ਮਾੜੇ ਹਨ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਾਫੀ ਹਰੀ ਭਰੀ ਹੈ।
ਮੌਸਮ ਵਿਗਿਆਨੀ ਵਲੋਂ ਦਿੱਤੀ ਜਾ ਰਹੀ ਜਾਣਕਾਰੀ ਪਰਾਲੀ ਨੂੰ ਅੱਗ ਲਾਉਣ ਕਾਰਨ ਪ੍ਰਦੂਸ਼ਣ:ਉਥੇ ਹੀ ਲੁਧਿਆਣਾ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦੇ ਮੁਤਾਬਕ ਲੁਧਿਆਣਾ ਵਿੱਚ ਪਿਛਲੇ ਸਾਲ ਨਾਲੋਂ ਇਸ ਸਾਲ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਵਿੱਚ 50 ਫੀਸਦੀ ਕਟੌਤੀ ਹੋਈ ਹੈ। ਪਿਛਲੇ ਸਾਲ 1 ਨਵੰਬਰ ਤੱਕ ਜਿੱਥੇ 800 ਦੇ ਕਰੀਬ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਇਕੱਲੇ ਲੁਧਿਆਣਾ ਜ਼ਿਲ੍ਹੇ ਤੋਂ ਆ ਗਏ ਸਨ ਉੱਥੇ ਹੀ ਇਸ ਵਾਰ ਸਿਰਫ 400 ਮਾਮਲੇ ਹੀ ਆਏ ਹਨ। ਜਿਆਦਾਤਰ ਜਗਰਾਓ ਅਤੇ ਸਿੱਧਵਾਂ ਬੇਟ ਇਲਾਕੇ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਹਨ।
ਮਨੁੱਖੀ ਸਿਹਤ ਲਈ ਹਾਨੀਕਾਰਕ ਪ੍ਰਦੂਸ਼ਣ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਥਿਤ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਫਿਲਹਾਲ ਅਜਿਹਾ ਹੀ ਮੌਸਮ ਰਹੇਗਾ। ਉਹਨਾਂ ਨੇ ਕਿਹਾ ਕਿ ਦਿਨ ਦੇ ਵਿੱਚ ਪਾਰਾ ਆਮ ਚੱਲ ਰਿਹਾ ਹੈ ਜੋ ਕਿ ਲਗਭਗ 29 ਡਿਗਰੀ ਦੇ ਕਰੀਬ ਹੈ, ਜਦੋਂ ਕਿ ਰਾਤ ਦਾ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਜਿਆਦਾ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਏਅਰ ਕੁਆਲਿਟੀ ਇੰਡੈਕਸ ਜਾਂ ਫਿਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਇਹ ਵੀ ਦੱਸਿਆ ਕਿ ਫਿਲਹਾਲ ਆਉਣ ਵਾਲੇ ਇੱਕ ਹਫਤੇ ਤੱਕ ਮੀਂਹ ਦੀ ਪੰਜਾਬ ਦੇ ਵਿੱਚ ਕਿਸੇ ਤਰਾਂ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਕਰਕੇ ਵੀ ਪ੍ਰਦੂਸ਼ਣ ਫੈਲ ਰਿਹਾ ਹੈ ਅਤੇ ਨਾਲ ਤਿਉਹਾਰੀ ਸੀਜ਼ਨ ਵੀ ਚੱਲ ਰਿਹਾ ਹੈ।