ਲੁਧਿਆਣਾ:ਅਕਸਰ ਹੀ ਕੁਦਰਤ ਦੀ ਮਾਰ ਦਾ ਸ਼ਿਕਾਰ ਹੋਣ ਵਾਲੇ ਲੋਕ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਹਨ, ਇੱਥੇ ਤੱਕ ਕਿ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਹਨ, ਉਨ੍ਹਾਂ ਨੂੰ ਵੀ ਅਕਸਰ ਹੀ ਰੱਬ ਤੋਂ ਮਲਾਲ ਰਹਿੰਦਾ ਹੈ। ਪਰ ਕੁੱਝ ਲੋਕ ਅਜਿਹੇ ਵੀ ਹਨ, ਜੋ ਕਿ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾਉਂਦੇ ਹਨ ਤੇ ਕਾਮਯਾਬੀ ਹਾਸਿਲ ਕਰਦੇ ਹਨ। ਜਿਸ ਦੀ ਜਿਉਂਦੀ ਜਾਗਦੀ ਮਿਸਾਲ ਅਜੇ ਹੈ, ਜੋ ਕਿ ਨੇਤਰਹੀਣ ਹੋਣ ਦੇ ਬਾਵਜੂਦ ਸਰਕਾਰੀ ਸਮਾਰਟ ਸਕੂਲ ਮਲਟੀਪਰਪਜ਼ ਲੁਧਿਆਣਾਵਿੱਚ ਦਰਜਾ 4 ਮੁਲਾਜ਼ਮ ਦੀ ਨੌਕਰੀ ਕਰਦਾ ਹੈ। ਸਕੂਲ ਵਿੱਚ 18 ਦਰਜਾ 4 ਮੁਲਾਜ਼ਮਾਂ ਦਾ ਕੰਮ ਅਜੇ ਇੱਕਲਾ ਹੀ ਕਰਦਾ ਹੈ। ਉਸ ਨੇ 2016 ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ ਸੀ। ਉਹ ਬਚਪਨ ਤੋਂ ਹੀ ਨੇਤਰਹੀਣ ਹੈ, ਉਸ ਦੇ ਘਰ ਉਸ ਦੀ ਮਾਤਾ ਅਤੇ ਭਰਾ ਹੈ, ਅਜੇ ਲੁਧਿਆਣਾ ਦੇ ਜਨਤਾ ਨਗਰ ਦਾ ਵਸਨੀਕ ਹੈ।
ਸਕੂਲ ਦੇ ਸਾਰੇ ਕੰਮ ਅਜੇ ਕਰਦਾ:ਅਜੇ ਸਕੂਲ ਦੇ ਸਾਰੇ ਕੰਮ ਕਰਦਾ ਹੈ, ਘੰਟੀ ਬਣਾਉਣ ਤੋਂ ਲੈ ਕੇ ਹਸਤਾਖਰ ਕਰਵਾਉਣ ਤੱਕ, ਸਕੂਲ ਦਾ ਚੱਪਾ ਚੱਪਾ ਉਸ ਨੂੰ ਪਤਾ ਹੈ। ਤੁਸੀ ਉਸ ਨੂੰ ਕੋਈ ਕੰਮ ਦੱਸੋ, ਇਹ ਬਿਨ੍ਹਾਂ ਕਿਸੇ ਸਹਾਰੇ ਦੇ ਖੁਦ ਉਹ ਕੰਮ ਪੂਰਾ ਕਰਕੇ ਆਵੇਗਾ। ਸਕੂਲ ਦੀ ਕਿਹੜੀ ਕਲਾਸ ਕਿੱਥੇ ਲੱਗਦੀ, ਸਕੂਲ ਦੀ ਪ੍ਰਿੰਸੀਪਲ ਦਾ ਕਮਰਾ, ਸਾਇੰਸ ਵਿਭਾਗ, ਲਾਇਬਰੇਰੀ, ਪਖਾਨੇ, ਸਕੂਲ ਦਾ ਹਰ ਕੋਨਾ ਉਸ ਨੂੰ ਪਤਾ ਹੈ। ਇੱਥੋਂ ਤੱਕ ਕਿ ਪੌੜੀਆਂ ਚੜ੍ਹਨ ਲਈ ਵੀ ਉਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਤੁਹਾਨੂੰ ਸਕੂਲ ਦੇ ਗੇਟ ਤੋਂ ਸਕੂਲ ਦੀ ਹਰ ਇੱਕ ਜਮਾਤ, ਸਕੂਲ ਦੇ ਹਰ ਕੋਨੇ ਤੱਕ ਅਜੇ ਅਸਾਨੀ ਨਾਲ ਲਿਜਾ ਸਕਦਾ ਹੈ।
ਆਵਾਜ਼ ਤੋਂ ਪਛਾਣ:ਅਜੇ ਦੀ ਛੇਵੀਂ ਸੈਂਸ ਦਾ ਇਹ ਕਮਾਲ ਹੈ ਕਿ ਉਹ ਸਕੂਲ ਦੇ ਕਿਸੇ ਅਧਿਆਪਕ ਦੀ ਆਵਾਜ਼ ਸੁਣ ਕੇ ਉਸ ਦੀ ਪਛਾਣ ਕਰ ਲੈਂਦਾ ਹੈ ਜਿਸ ਦਾ ਲਾਈਵ ਟੈਸਟ ਵੀ ਸਾਡੀ ਟੀਮ ਨੇ ਕੀਤਾ, ਇੱਕ ਨਹੀਂ ਸਗੋਂ ਕਈ ਅਧਿਆਪਕਾਂ ਦੀ ਇੱਕ ਅਵਾਜ਼ ਤੇ ਅਜੇ ਨੂੰ ਪਤਾ ਲੱਗ ਜਾਂਦਾ ਕੇ ਇਹ ਕਿਹੜੇ ਅਧਿਆਪਕ ਨੇ ਅਤੇ ਕਿੱਥੇ ਕਿਹੜੀ ਜਮਾਤ ਨੂੰ ਪੜਾਉਂਦੇ ਹਨ, ਇਨ੍ਹਾਂ ਦੀ ਕਲਾਸ ਕਿਹੜੇ ਕਮਰੇ ਵਿੱਚ ਹੁੰਦੀ ਹੈ ਸਭ ਅਜੇ ਨੂੰ ਪਤਾ ਹੈ। ਉਹ ਸਕੂਲ ਦੇ ਹਰ ਪਿਰਡ ਦੇ ਦੌਰਾਨ ਘੰਟੀ ਵਜਾਉਂਦਾ ਹੈ ਅਤੇ ਕਿਉਂਕਿ ਉਸ ਨੂੰ ਸਮਾਂ ਵੀ ਪਤਾ ਹੁੰਦਾ ਹੈ। ਤਕਨੀਕ ਦੀ ਵਰਤੋਂ ਕਰਕੇ ਉਹ ਮੋਬਾਇਲ ਤੋਂ ਸਮਾਂ ਪਤਾ ਲਗਾ ਲੈਂਦਾ ਹੈ ਅੱਜ ਤੱਕ ਇਸ ਨੇ ਕਦੀ 2 ਮਿੰਟ ਵੀ ਪੀਰਡ ਦੀ ਘੰਟੀ ਲੇਟ ਜਾਂ ਪਹਿਲਾਂ ਨਹੀਂ ਮਾਰੀ।