ਲੁਧਿਆਣਾ: ਰਾੜਾ ਤੋਂ ਅਹਿਮਦਗੜ੍ਹ ਜਾਣ ਵਾਲੀ ਨਹਿਰ 'ਤੇ ਸਥਿਤ ਡੇਰਾ ਬਾਬਾ ਮਸਤਾਨਾ ਦੇ ਮੁਖੀ ਬਾਬਾ ਕਰਨੈਲ ਸਿੰਘ 'ਤੇ ਆਪਣੇ ਸਾਥੀਆਂ ਸਣੇ ਇੱਕ ਸਾਬਕਾ ਫ਼ੌਜੀ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਦੂਜੇ ਪਾਸੇ ਡੇਰੇ ਦੇ ਇੱਕ ਸੇਵਾਦਾਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਸਾਬਕਾ ਫ਼ੌਜੀ ਦੇ ਪਰਿਵਾਰਕ ਮੈਬਰਾਂ ਮੁਤਾਬਕ ਡੇਰੇ ਦੇ ਮੁੱਖੀ ਨੇ ਆਪਣੇ ਸਾਥੀਆਂ ਨਾਲ ਇੱਕਠੇ ਹੋ ਕੇ ਆਪਣੇ ਖੇਤ ਵਿਚ ਕੰਮ ਕਰ ਰਹੇ ਪਰਮਜੀਤ ਸਿੰਘ 'ਤੇ ਬੜੇ ਨਿਰਦਈ ਤਰੀਕੇ ਨਾਲ ਹਮਲਾ ਕੀਤਾ। ਪਰਮਜੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਨੂੰ ਮਲੌਦ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਨੂੰ ਲੁਧਿਆਣਾ ਅਤੇ ਫਿਰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬਾਬਾ ਕਰਨੈਲ ਸਿੰਘ ਉਨ੍ਹਾਂ ਦੀ ਜ਼ਮੀਨ ਅਤੇ ਘਰ ਖਰੀਦ ਕੇ ਆਪਣੇ ਡੇਰੇ ਨੂੰ ਵਧਾਉਣਾ ਚਾਹੁੰਦਾ ਹੈ ਇਸ ਲਈ ਉਹ ਇਸ ਤਰਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਖ਼ਤਰੇ ਵਿੱਚ ਹੈ ਅਤੇ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ।