ਲੁਧਿਆਣਾ: ਰਾਏਕੋਟ ਦੇ ਐਸਡੀਐੱਮ ਦਫ਼ਤਰ ਵਿੱਚ ਬੁੱਧਵਾਰ ਨੂੰ ਪਿੰਡ ਐਤੀਆਣਾ ਦੇ ਵੱਡੀ ਗਿਣਤੀ 'ਚ ਗਰੀਬ ਪਰਿਵਾਰਾਂ ਨੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਪਾਲ ਸਿੰਘ ਭੈਣੀ ਦਰੇੜਾਂ ਅਤੇ ਗ੍ਰਾਮ ਪੰਚਾਇਤ ਪਿੰਡ ਐਤੀਆਣਾ ਦੇ ਸਰਪੰਚ ਲਖਵੀਰ ਸਿੰਘ ਦੀ ਅਗਵਾਈ ਹੇਠ ਰਾਸ਼ਨ ਕਾਰਡ ਕੱਟਣ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਗਰੀਬ ਪਰਿਵਾਰਾਂ ਅਤੇ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਪਿੰਡ ਐਤੀਆਣਾ ਦੇ ਅਤਿ ਗਰੀਬ ਅਤੇ ਅਸਲ ਲੋੜਵੰਦ ਪਰਿਵਾਰਾਂ ਦੇ ਸਸਤੇ ਤੇ ਮੁਫ਼ਤ ਰਾਸ਼ਨ ਵਾਲੇ ਕਾਰਡ ਬਿਨ੍ਹਾਂ ਕਿਸੇ ਜਾਂਚ-ਪੜਤਾਲ ਦੇ ਕੱਟ ਦਿੱਤੇ ਗਏ ਹਨ ਅਤੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਮੂੰਹਾਂ 'ਚੋਂ ਰੋਟੀ ਖੋਹ ਲਈ ਗਈ ਹੈ।
ਮੰਗ ਪੱਤਰ ਸੌਂਪਿਆ: ਇਸ ਮੌਕੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੇ ਦੱਸਿਆ ਕਿ ਕਈ ਮਹੀਨੇ ਪਹਿਲਾਂ ਉਨ੍ਹਾਂ ਦੀਆਂ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਕਣਕ ਦੀਆਂ ਪਰਚੀਆਂ ਕੱਟ ਦਿੱਤੀਆਂ ਗਈਆਂ ਸਨ ਪਰ ਬਾਅਦ ਵਿੱਚ ਕਾਰਡ ਕੱਟੇ ਜਾਣ ਦੀ ਗੱਲ ਆਖ ਕੇ ਕਣਕ ਦੇਣ ਤੋਂ ਜਵਾਬ ਦੇ ਦਿੱਤਾ ਗਿਆ। ਐਤੀਆਣਾ ਪਿੰਡ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ 100 ਦੇ ਕਰੀਬ ਰਾਸ਼ਨ ਕਾਰਡ ਕੱਟ ਦਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਦਰਜਨ ਪਰਿਵਾਰਾਂ ਖੇਤ ਮਜ਼ਦੂਰ, ਭੱਠਾ ਮਜ਼ਦੂਰ ਅਤੇ ਮਨਰੇਗਾ ਮਜ਼ਦੂਰ ਦੇ ਵੀ ਸ਼ਾਮਲ ਹਨ। ਜਦ ਕਿ ਇਹ ਪਰਿਵਾਰਾਂ ਆਪਣੇ ਕਾਰਡ ਦੁਬਾਰਾ ਚਾਲੂ ਕਰਵਾਉਣ ਲਈ ਦਫ਼ਤਰਾਂ ਵਿੱਚ ਚੱਕਰ ਕੱਢ ਰਹੇ ਹਨ ਪ੍ਰੰਤੂ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਦੀ ਬਾਂਹ ਨਹੀਂ ਫੜੀ, ਜਿਸ 'ਤੇ ਅੱਜ ਐਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਕੋਲ ਫਰਿਆਦ ਲੈ ਕੇ ਆਏ ਹਨ। ਇਸ ਸਬੰਧੀ ਗਰੀਬ ਪਰਿਵਾਰਾਂ ਅਤੇ ਆਗੂਆਂ ਨੇ ਐਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਗਰੀਬਾਂ ਦੀ ਮਸੀਹਾ ਬਣ ਕੇ ਆਈ ਪੰਜਾਬ ਸਰਕਾਰ ਹੁਣ ਉਨ੍ਹਾਂ ਦੇ ਢਿੱਡ ਉੱਤੇ ਲੱਤ ਮਾਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਮੰਗ ਪੱਤਰ ਉੱਤੇ ਜਲਦ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਸਰਕਾਰ ਖ਼ਿਲਾਫ਼ ਸੰਘਰਸ਼ ਉਲੀਕਣਗੇ।