ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਦਿਨਾਂ ਕਿਸਾਨ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਕਿਸਾਨ ਮੇਲੇ ਦੇ ਵਿੱਚ ਜਿੱਥੇ ਖੇਤੀ ਦੀ ਆਧੁਨਿਕ ਤਕਨੀਕ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਉੱਥੇ ਹੀ ਪੀਏਯੂ ਦੇ ਕਿਸਾਨ ਮੇਲੇ ਵਿੱਚ ਕੁੱਝ ਸੰਸਥਾਵਾਂ ਵੱਲੋਂ ਭੁੱਕੀ ਅਤੇ ਅਫ਼ੀਮ ਦੀ ਖੇਤੀ ਲਈ ਅਵਾਜ਼ ਵੀ ਬੁਲੰਦ ਕੀਤੀ ਗਈ। ਹੱਥਾਂ ਦੇ ਵਿੱਚ ਪੋਸਟਰ ਫੜ ਕੇ ਕਿਸਾਨਾਂ ਨੇ ਭੁੱਕੀ ਅਤੇ ਅਫ਼ੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦੀ ਸਰਕਾਰ ਤੋਂ ਮੰਗ ਕੀਤੀ । ਸੰਸਥਾ ਦੇ ਮੁਤਾਬਕ ਪੰਜਾਬ ਦੇ ਵਿੱਚ ਸਿੰਥੇਟਿਕ ਨਸ਼ਿਆਂ ਦੀ ਮਾਰ ਕਰਕੇ ਨੌਜਵਾਨ ਪੀੜ੍ਹੀ ਉੱਤੇ ਇਸ ਦਾ ਮਾੜਾ ਅਸਰ ਪੈ ਰਿਹਾ ਹੈ। ਰਵਾਇਤੀ ਖੇਤੀ ਕਰਨ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ ਅਤੇ ਨੌਜਵਾਨ ਪੀੜੀ ਜੋ ਚਿੱਟੇ ਦੇ ਨਸ਼ੇ ਦੀ ਦਲਦਲ ਵਿੱਚ ਫਸ ਰਹੀ ਹੈ ਉਹ ਰਵਾਇਤੀ ਨਸ਼ਿਆਂ ਵੱਲ ਆਵੇਗੀ।
ਅਫ਼ੀਮ ਦੀ ਖੇਤੀ ਦੀ ਸ਼ੁਰੂਆਤ: ਸੰਸਥਾ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਚਮਕੌਰ ਸਾਹਿਬ ਦੇ ਵਸਨੀਕ ਨੇ, ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਜਦੋਂ ਉਹ ਸੱਤਾ ਵਿੱਚ ਆਉਣਗੇ ਤਾਂ ਕਿਸਾਨਾਂ ਦੀ ਬਿਹਤਰੀ ਲਈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਭੁੱਕੀ ਅਤੇ ਅਫ਼ੀਮ ਦੀ ਖੇਤੀ ਦੀ ਸ਼ੁਰੂਆਤ ਕਰਨਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਰ ਉਹਨਾਂ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਸੰਸਥਾਂ ਦੇ ਆਗੂਆਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਨੌਜਵਾਨਾਂ ਨੂੰ ਚਿੱਟੇ ਦੇ ਨਸ਼ੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਹੈ।