ਲੁਧਿਆਣਾ: ਕੇਂਦਰੀ ਜੇਲ੍ਹ ਵਿੱਚ ਬੰਦ ਥਾਣਾ ਲਾਡੋਵਾਲ ਅਧੀਨ ਪੈਂਦੇ ਪਿੰਡ ਨਵਾਂ ਰਜ਼ਾਪੁਰ ਦੇ ਵਸਨੀਕ ਮਲਕੀਤ ਸਿੰਘ ਧਾਮੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਮ੍ਰਿਕਤ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ, ਪਰ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਪਿਛਲੇ ਦਿਨੀਂ ਉਸ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਉਸ ਦਾ ਸਮੇਂ ਸਿਰ ਇਲਾਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜਦੋਂ ਉਹ ਉਸ ਨੂੰ 11 ਅਪ੍ਰੈਲ ਨੂੰ ਪੇਸ਼ੀ ਦੌਰਾਨ ਮਿਲੇ ਸਨ ਅਤੇ ਇਸ ਦੌਰਾਨ ਜਦੋਂ ਉਸ ਨੂੰ ਪੇਸ਼ ਕੀਤਾ ਗਿਆ ਤਾਂ ਉਸ ਦੇ ਪੇਟ ਵਿੱਚ ਸੋਜ ਸੀ ਅਤੇ ਉਸ ਦੀ ਹਾਲਤ ਕਾਫੀ ਖਰਾਬ ਸੀ। ਉਸ ਨੇ ਸੁਪਰਡੈਂਟ ਨੂੰ ਇਲਾਜ ਕਰਵਾਉਣ ਸਬੰਧੀ ਗੁਹਾਰ ਵੀ ਲਗਾਈ ਸੀ , ਪਰ ਉਸ ਦੀ ਹਾਲਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜੇਲ੍ਹ ਵਿੱਚ ਨਹੀਂ ਮਿਲਿਆ ਇਲਾਜ: ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਦਾ ਇਲਾਜ ਨਹੀਂ ਕਰਵਾਇਆ ਗਿਆ, ਉਸ ਨੂੰ ਲੰਬੇ ਸਮੇਂ ਤੋਂ ਜ਼ਮਾਨਤ ਨਹੀਂ ਮਿਲ ਰਹੀ ਸੀ। ਜਿਸ ਕਾਰਨ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ, ਉਸ ਨੇ ਜੇਲ੍ਹ ਵਿਚ ਖਾਣਾ-ਪੀਣਾ ਵੀ ਬੰਦ ਕਰ ਦਿੱਤਾ ਸੀ। ਜਿਸ ਕਾਰਨ ਉਸ ਦਾ ਢਿੱਡ ਸੁੱਜ ਗਿਆ ਸੀ, ਪਰਿਵਾਰ ਦਾ ਕਹਿਣਾ ਸੀ ਕਿ ਜੇਕਰ ਸਮੇਂ ਸਿਰ ਇਲਾਜ ਕੀਤਾ ਜਾਂਦਾ ਤਾਂ ਉਸ ਦੇ ਪੁੱਤਰ ਦੀ ਮੌਤ ਨਾ ਹੁੰਦੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਜੇਲ੍ਹ ਵਿੱਚ ਦਮੇ ਕਾਰਨ ਸਾਹ ਫੁੱਲ੍ਹਣ ਦੀ ਬਿਮਾਰੀ ਵੀ ਲੱਗ ਗਈ ਸੀ ਅਤੇ ਇਸ ਲਈ ਪੇਸ਼ੀ ਦੌਰਾਨ ਉਨ੍ਹਾਂ ਨੇ ਜੱਜ ਨੂੰ ਬੇਨਤੀ ਕੀਤੀ ਸੀ ਕਿ ਸਾਹ ਲੈਣ ਵਾਲਾ ਪੰਪ ਜੇਲ੍ਹ ਵਿੱਚ ਉਨ੍ਹਾਂ ਦੇ ਪੁੱਤਰ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਜੱਜ ਨੇ ਪੰਪ ਪਹੁੰਚਾਉਣ ਦਾ ਹੁਕਮ ਤਾਂ ਦਿੱਤਾ ਪਰ ਫਿਰ ਵੀ ਜੇਲ੍ਹ ਵਿਭਾਗ ਨੇ ਲਾਪਰਵਾਹੀ ਕਰਦਿਆਂ ਪੰਪ ਬਿਮਾਰ ਕੋਲ ਨਹੀਂ ਪਹੁੰਚਾਇਆ ਅਤੇ ਅਖੀਰ ਉਸ ਦੀ ਮੌਤ ਹੋ ਗਈ।