ਲੁਧਿਆਣਾ: ਕੋਰੋਨਾ ਸੰਕਟ ਕਾਰਨ ਪੰਜਾਬ ਭਰ ਦੇ ਹੋਟਲ ਤੇ ਰੈਸਟੋਰੈਂਟ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਆਉਂਦੇ ਇੱਕ ਮਹੀਨੇ ਤੱਕ ਜੇਕਰ ਸਰਕਾਰ ਨੇ ਇਸ ਖੇਤਰ ਦੀ ਬਾਂਹ ਨਾ ਫੜੀ ਤਾਂ ਇਹ ਹੋਟਲ ਬੰਦ ਹੋ ਜਾਣਗੇ। ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਮੰਗਲਵਾਰ ਨੂੰ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਕੋਰੋਨਾ ਦਾ ਅਸਰ: ਬੰਦ ਹੋਣ ਕੰਢੇ ਪੰਜਾਬ ਦੇ ਹੋਟਲ ਤੇ ਰੈਸਟੋਰੈਂਟ ਦਰਅਸਲ, ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਇਕਾਂਤਵਾਸ 'ਚ ਰੱਖਣ ਲਈ ਹੋਟਲ ਐਸੋਸੀਏਸ਼ਨ ਨਾਲ ਰਾਬਤਾ ਕਾਇਮ ਕਰਕੇ ਲੁਧਿਆਣਾ ਦੇ ਹੋਟਲਾਂ ਤੋਂ 800 ਕਮਰਿਆਂ ਦੀ ਮੰਗ ਕੀਤੀ ਗਈ ਸੀ ਪਰ ਲੁਧਿਆਣਾ ਵਿੱਚ ਸਿਰਫ਼ ਹੁਣ ਤੱਕ 20 ਲੋਕ ਹੀ ਹੋਟਲਾਂ ਚ ਰਹਿਣ ਨੂੰ ਰਾਜ਼ੀ ਹੋਏ ਹਨ। ਹਾਲਾਂਕਿ, ਸਰਕਾਰ ਨੇ 23 ਮਈ ਤੱਕ ਸਾਰੇ ਕਮਰੇ ਬੁੱਕ ਹੋ ਜਾਣ ਦਾ ਦਾਅਵਾ ਕੀਤਾ ਸੀ।
ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹੋਟਲ ਕਾਰੋਬਾਰੀਆਂ ਨੂੰ ਰੈਸਟੋਰੈਂਟ ਬਾਰ ਆਦਿ ਦਾ ਟੈਕਸ ਦੇਣਾ ਪੈ ਰਿਹਾ ਸੀ ਅਤੇ ਹੁਣ ਸਰਕਾਰ ਵੱਲੋਂ ਖ਼ੁਦ ਉਨ੍ਹਾਂ ਨੂੰ ਪੇਸ਼ਕਸ਼ ਕਰਨ ਅਤੇ ਫਿਰ ਹੋਟਲ ਮੈਨੇਜਮੈਂਟ ਵੱਲੋਂ ਸਾਰੇ ਸਟਾਫ਼ ਨੂੰ ਵਾਪਸ ਸੱਦ ਕੇ ਕੰਮ ਸ਼ੁਰੂ ਕਰਵਾਉਣ ਕਰਕੇ ਹੋਟਲਾਂ ਦਾ ਮੁੜ ਤੋਂ ਵੱਡਾ ਨੁਕਸਾਨ ਹੋ ਗਿਆ ਹੈ।
ਹੋਟਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਦੱਸਿਆ ਕਿ ਲੁਧਿਆਣਾ ਦੇ 30 ਫ਼ੀਸਦੀ ਹੋਟਲ ਬੰਦ ਹੋ ਚੁੱਕੇ ਹਨ। ਹਰ ਮਹੀਨੇ 6 ਤੋਂ 7 ਕਰੋੜ ਦਾ ਨੁਕਸਾਨ ਸਿਰਫ਼ ਲੁਧਿਆਣਾ 'ਚ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੋ ਹਾਲ ਰਿਹਾ ਤਾਂ ਆਉਂਦੇ ਦਿਨਾਂ 'ਚ ਪੰਜਾਬ 'ਚ 70-80 ਫ਼ੀਸਦੀ ਹੋਟਲ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੁੱਕ ਕੀਤੇ ਗਏ ਹੋਟਲਾਂ ਦੇ ਵਿੱਚ ਕੋਈ ਰਹਿਣ ਨੂੰ ਤਿਆਰ ਨਹੀਂ। ਬਾਹਰੋਂ ਆਏ ਲੋਕ ਵੀ ਆਪਣੇ ਘਰ ਵਿੱਚ ਜਾਂ ਮੁਫ਼ਤ ਸਰਕਾਰੀ ਖਰਚੇ 'ਤੇ ਹੀ ਰਹਿਣਾ ਚਾਹੁੰਦੇ ਹਨ।