ਲੁਧਿਆਣਾ: ਲੁਧਿਆਣਾ 'ਚ ਸਸਕਾਰ ਟੀਮ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗਰੀਬ ਲੋਕਾਂ ਨੂੰ ਮੁਫ਼ਤ ਐਂਬੂਲੈਂਸ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਐਂਬੂਲੈਂਸ ਦੀਆਂ ਕੀਮਤਾਂ ਵਿੱਚ ਵੀ ਵੱਡੀ ਕਟੌਤੀ ਕੀਤੀ ਗਈ ਹੈ ਤਾਂ ਜੋ ਆਸਾਨੀ ਨਾਲ ਲੋਕਾਂ ਨੂੰ ਇਹ ਸਹੂਲਤ ਮਿਲ ਸਕੇ। ਲੁਧਿਆਣਾ ਵਿੱਚ ਐਂਬੂਲੈਂਸ ਦੀ ਸਹੂਲਤ ਦਿੰਦਿਆਂ ਜਿਥੇ ਇੱਕ ਗੇੜੇ ਦੀ ਕੀਮਤ ਜੋ ਸ਼ਹਿਰ ਅੰਦਰ ਪਹਿਲਾਂ 2500 ਰੁਪਏ ਸੀ, ਉਸ ਨੂੰ ਘੱਟ ਕਰਕੇ 1500 ਰੁਪਏ ਕਰ ਦਿੱਤਾ ਗਿਆ ਹੈ। ਇਥੋਂ ਤੱਕ ਕਿ ਜੇਕਰ ਕੋਈ ਗਰੀਬ ਹੈ ਤਾਂ ਉਸ ਨੂੰ ਇਹ ਸੁਵਿਧਾ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਸਮਾਜ ਸੇਵੀ ਸੰਨੀ ਥਾਪਰ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਦੇ ਏ.ਸੀ.ਪੀ ਗੁਰਦੇਵ ਸਿੰਘ ਜੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਐਂਬੂਲੈਂਸ ਦੀਆਂ ਕੀਮਤਾਂ ਆਮ ਲੋਕਾਂ ਦੀ ਜੇਬ ਤੋਂ ਬਾਹਰ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਸਾਸਕਰ ਟੀਮ ਨਾਲ ਮਿਲ ਕੇ ਇਹ ਫੈਸਲਾ ਕੀਤਾ ਕਿ ਐਂਬੂਲੈਂਸ ਦੀਆਂ ਕੀਮਤਾਂ 1500 ਰੁਪਏ ਰਹਿਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਗਰੀਬ ਪਰਿਵਾਰ ਹੋਣਗੇ ਜਾਂ ਪੈਸੇ ਦੇਣ 'ਚ ਅਸਮਰਥ ਹੋਣਗੇ, ਉਨ੍ਹਾਂ ਨੂੰ ਮੁਫ਼ਤ ਇਹ ਸੁਵਿਧਾ ਦਿੱਤੀ ਜਾਵੇਗੀ।