ਲੁਧਿਆਣਾ: ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਭਾਜਪਾ ਆਗੂਆਂ ਦਾ ਸਮਾਜਿਕ ਤੌਰ ਉੱਤੇ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਮੰਗਲਵਾਰ ਨੂੰ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਉਸ ਸਮੇਂ ਨੌਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਪ੍ਰਧਾਨ ਚੀਮਾ ਨੂੰ ਨਗਰ ਕੀਰਤਨ ਦੌਰਾਨ ਸਿਰੋਪਾ ਭੇਂਟ ਕੀਤਾ ਗਿਆ। ਦਰਅਸਲ ਪਾਇਲ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਜਦੋਂ ਨਗਰ ਕੀਰਤਨ ਚੀਮਾ ਦੇ ਘਰ ਅੱਗੇ ਤੋਂ ਨਿਕਲ ਰਿਹਾ ਸੀ ਤਾਂ ਇਸੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੀਮਾ ਨੂੰ ਸਿਰੋਪਾ ਭੇਂਟ ਕਰ ਦਿੱਤਾ ਗਿਆ। ਇਸ ਦੌਰਾਨ ਇੱਕ ਨੌਜਵਾਨ ਨੇ ਟਰਾਲੀ ਵਿੱਚ ਜਾ ਕੇ ਮਾਈਕ ਫੜ੍ਹ ਲਿਆ ਅਤੇ ਚੀਮਾ ਨੂੰ ਸਿਰੋਪਾ ਦੇਣ ਦਾ ਵਿਰੋਧ ਸ਼ੁਰੂ ਕਰ ਦਿੱਤਾ।
ਨੌਜਵਾਨ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਨਗਰ ਕੀਰਤਨ ਤੋਂ ਪਹਿਲਾਂ ਇਹ ਤੈਅ ਹੋਇਆ ਸੀ ਕਿ ਕਾਲੇ ਕਾਨੂੰਨਾਂ ਕਰਕੇ ਚੀਮਾ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਚੀਮਾ ਨੇ ਕਿਸਾਨਾਂ ਦੇ ਹੱਕ ਵਿੱਚ ਆਪਣਾ ਅਹੁਦਾ ਨਹੀਂ ਛੱਡਿਆ। ਇਸ ਨੌਜਵਾਨ ਦੇ ਸਾਥੀਆਂ ਨੇ ਵੀ ਉਸਦਾ ਸਮਰਥਨ ਕੀਤਾ।