ਲੁਧਿਆਣਾ: ਪੰਜਾਬ ਕਾਂਗਰਸ ਦਾ ਆਪਸ ਵਿੱਚ ਪਿਆ ਘਮਸਾਣ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜ਼ਹਿਰਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਰਾਜਪਾਲ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਕੈਪਟਨ ਅਤੇ ਬਾਜਵਾ, ਦੁੱਲੋ ਵਿਚਕਾਰ ਪਹਿਲਾਂ ਤੋਂ ਮਘਦੀ ਆ ਰਹੀ ਕੁੜੱਤਣ ਹੋ ਵਧ ਗਈ। ਹੁਣ ਇਹ ਲੜਾਈ ਹੇਠਲੇ ਪੱਧਰ 'ਤੇ ਕਾਰਕੁੰਨਾਂ ਤੱਕ ਵੀ ਪਹੁੰਚ ਗਈ ਹੈ। ਬੁੱਧਵਾਰ ਨੂੰ ਕਾਂਗਰਸ ਵਰਕਰਾਂ ਨੇ ਆਪਣੀ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਸ਼ਮਸ਼ੇਰ ਸਿੰਘ ਦੂਲੋ ਦੇ ਖੰਨਾ ਸਥਿਤ ਘਰ ਦਾ ਘਿਰਾਓ ਕੀਤਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀ ਅਗਵਾਈ 'ਚ ਦੂਲੋ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ।
ਇਸ ਮੌਕੇ ਕਾਂਗਰਸ ਆਗੂਆਂ ਨੇ ਕਿਹਾ ਕਿ ਉਹ ਹਾਈਕਮਾਂਡ ਦੇ ਹੁਕਮਾਂ 'ਤੇ ਇਹ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਉੱਚੇ ਅਹੁਦੇ ਲੈ ਕੇ ਵੀ ਆਪਣੀ ਸਰਕਾਰ ਖ਼ਿਲਾਫ਼ ਦੂਲੋ ਗਲਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਜੇਕਰ ਇਹੋ ਜਿਹੇ ਲੀਡਰ ਆਪਣੀ ਸਰਕਾਰ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰਨਗੇ ਤਾਂ ਵਰਕਰਾਂ ਦਾ ਮਨੋਬਲ ਟੁੱਟੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੂਲੋ ਦੇ ਘਰ ਰੋਜ ਵੱਖੋ-ਵੱਖਰੇ ਹਲਕਿਆਂ ਵਿੱਚ ਧਰਨੇ ਦਿੱਤੇ ਜਾਣਗੇ।