ਲੁਧਿਆਣਾ:ਬੁੱਢਾ ਨਾਲਾ ਕੁੰਮ ਕਲਾਂ ਤੋਂ ਨਿਕਲਦਾ ਹੈ ਪਰ ਜਦੋਂ ਲੁਧਿਆਣਾ ਸ਼ਹਿਰ ਤੋਂ 15 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ ਤਾਂ ਫੈਕਟਰੀਆਂ ਦਾ ਵੇਸਟ ਅਤੇ ਸੀਵਰੇਜ ਦਾ ਪਾਣੀ, ਡੇਰਿਆਂ ਦਾ ਵੇਸਟ ਬੁੱਢੇ ਨਾਲੇ ਨੂੰ ਏਨੀ ਬੁਰੀ ਤਰ੍ਹਾਂ ਪ੍ਰਦੂਸ਼ਤ ਕਰ ਦਿੰਦਾ ਹੈ ਕਿ ਜਦੋਂ ਅੱਗੇ ਜਾ ਕੇ ਇਹ ਸਤਲੁਜ ਦਰਿਆ ਵਿੱਚ ਪਿੰਡ ਵਲੀਪੁਰ ਜਾ ਕੇ ਮਿਲਦਾ ਹੈ ਤਾਂ ਇਹ ਅੱਗੇ ਰਾਜਸਥਾਨ ਤੱਕ ਭਿਆਨਕ ਬਮਾਰੀਆਂ ਵੰਡਦਾ ਹੈ। ਕਾਂਗਰਸ ਸਰਕਾਰ ਵੇਲੇ ਬੁੱਢੇ ਨਾਲੇ ਦੀ ਸਫਾਈ ਲਈ ਸਾਢੇ ਛੇ ਸੌ ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਸੀ, ਜਿਸ ਦੇ ਤਹਿਤ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀਂ ਲੁਧਿਆਣਾ ਅੰਦਰ ਬੁੱਢੇ ਨਾਲੇ ਦੇ ਪਾਣੀ ਦੀ ਸਫਾਈ ਲਈ 225 ਐਮ ਐਲ ਡੀ ਦਾ ਇੱਕ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਬੁੱਢੇ ਨਾਲੇ ਦੀ ਰੂਪ-ਰੇਖਾ ਬਦਲ ਜਾਵੇਗੀ।
ਨਹੀਂ ਸਾਫ ਹੋਇਆ ਪਾਣੀ:ਐਸਟੀਪੀ ਪਲਾਂਟ ਲਗਾਉਣ ਦੇ ਬਾਵਜੂਦ ਵੀ ਬੁੱਢੇ ਨਾਲੇ ਦਾ ਪਾਣੀ ਸਾਫ ਨਹੀਂ ਹੋ ਸਕਿਆ ਹੈ, ਬੁੱਢੇ ਨਾਲੇ ਦੇ ਹਾਲਾਤ ਹਾਲੇ ਵੀ ਤਰਸਯੋਗ ਹੈ ਸਥਾਨਕ ਲੋਕਾਂ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਾਣੀ ਦਾ ਰੰਗ ਤਾਂ ਨਹੀਂ ਬਦਲਿਆ ਪਰ ਸਾਫ ਸਫਾਈ ਦਾ ਕੰਮ ਜ਼ਰੂਰ ਚੱਲ ਰਿਹਾ ਹੈ। ਸਥਾਨਕ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਇਹ ਲੁਧਿਆਣਾ ਦੇ ਲਈ ਅਤੇ ਇਲਾਕੇ ਲਈ ਕਲੰਕ ਹੈ। ਇਸ ਦੀ ਸਫਾਈ ਹੋਣੀ ਬੇਹੱਦ ਜ਼ਰੂਰੀ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪਾਣੀ ਸਾਫ ਹੋਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਅਜਿਹਾ ਕੁਝ ਨਹੀਂ ਹੋਇਆ ਪਰ ਆਉਂਦੇ ਸਮੇਂ ਚ ਜੇਕਰ ਹੋ ਜਾਂਦਾ ਹੈ ਤਾਂ ਚੰਗਾ ਹੋਵੇਗਾ।
225 ਐਮ ਐਲ ਡੀ ਪਲਾਂਟ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਤਾਜਪੁਰ ਰੋਡ ਤੇ ਕਰੋੜਾਂ ਦੀ ਲਾਗਤ ਨਾਲ ਬਣਾਏ ਗਏ ਐਸਟੀਪੀ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਦੀ ਸਮਰੱਥਾ 225 ਐਮ ਐਲ ਡੀ ਸੀ ਪਰ ਬੁੱਢੇ ਨਾਲੇ ਦੇ ਵਿੱਚ ਇਸ ਤੋਂ ਕਿਤੇ ਜ਼ਿਆਦਾ ਪਾਣੀ ਹੈ। ਕਾਂਗਰਸ ਨੇ ਜਦੋਂ ਇਹ ਪ੍ਰਾਜੈਕਟ ਪਾਸ ਕੀਤਾ ਗਿਆ ਸੀ ਤਾਂ ਉਸ ਵੇਲੇ ਬੁੱਢੇ ਨਾਲੇ ਦੇ ਪਾਣੀ ਨੂੰ ਮਿਲਿਆ ਗਿਆ ਸੀ ਜੋ ਕਿ ਹੁਣ ਉਸ ਸਮੇਂ ਤੋਂ ਕਾਫੀ ਵਧ ਗਿਆ ਹੈ। ਮੁੱਖ ਮੰਤਰੀ ਪੰਜਾਬ ਨੇ ਦਾਅਵਾ ਕੀਤਾ ਸੀ ਕਿ ਆਉਂਦੇ ਦਿਨਾਂ ਦੇ ਵਿਚ ਪਾਣੀ ਦਾ ਰੰਗ ਬਦਲਣ ਲੱਗ ਜਾਵੇਗਾ ਪਰ ਮੌਜੂਦਾ ਹਲਾਤਾਂ ਦੇ ਵਿਚ ਪਾਣੀ ਦਾ ਰੰਗ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ।
ਬੁੱਢੇ ਨਾਲੇ ਦਾ ਅਸਰ:ਲੁਧਿਆਣਾ ਦਾ ਬੁੱਢਾ ਨਾਲਾ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਪਰ ਰਾਜਸਥਾਨ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਇਹ ਨਾਲਾ ਵਲੀਪੁਰ ਪਿੰਡ ਨੇੜੇ ਸਤਲੁਜ ਦਰਿਆ ਦੇ ਵਿਚ ਜਾ ਕੇ ਮਿਲਦਾ ਹੈ, ਜਿੱਥੇ ਇਹ ਸਤਲੁਜ ਦਰਿਆ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਤ ਕਰ ਦਿੰਦਾ ਹੈ ਅਤੇ ਇਹ ਸਤਲੁਜ ਦਰਿਆ ਅੱਗੇ ਰਾਜਸਥਾਨ ਜਾਂਦਾ ਹੈ ਜਿੱਥੇ ਲੋਕ ਇਸ ਨੂੰ ਪੀਣ ਲਈ ਵਰਤਦੇ ਹਨ। ਇਹੀ ਕਾਰਨ ਹੈ ਕਿ ਮਾਲਵੇ ਦੇ ਬਹੁਤੇ ਹਿੱਸੇ ਵਿੱਚ ਸਤਲੁਜ ਦਰਿਆ ਦੇ ਕੰਢੇ ਦੇ ਇਲਾਕੇ ਦੇ ਲੋਕ ਕਈ ਭਿਆਨਕ ਬਿਮਾਰੀਆਂ ਤੋਂ ਗ੍ਰਸਤ ਨੇ। ਕੈਂਸਰ ਕਾਲਾ ਪੀਲੀਆ ਚਮੜੀ ਰੋਗ ਆਦਿ ਵਰਗੀਆਂ ਬੀਮਾਰੀਆਂ ਪਿੰਡਾਂ ਦੇ ਪਿੰਡ ਤਬਾਹ ਕਰ ਰਹੀਆਂ ਨੇ। ਬੁੱਢੇ ਨਾਲੇ ਦੇ ਕਹਿਰ ਕਰਕੇ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਨੇ।