ਵਰਕਰਾਂ ਦੀ ਦੁਚਿੱਤੀ ਦੂਰ ਕਰਨ 'ਚ ਜੁਟੇ ਕਾਂਗਰਸੀ ਆਗੂ ਲੁਧਿਆਣਾ/ਖੰਨਾ: ਇੰਡੀਆ ਗੱਠਜੋੜ ਤੋਂ ਬਾਅਦ ਵਰਕਰਾਂ ਵਿੱਚ ਪੈਦਾ ਹੋਈ ਦੁਚਿੱਤੀ ਨੂੰ ਦੂਰ ਕਰਨ ਲਈ ਕਾਂਗਰਸ ਨੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਚੱਲਦੇ ਖੰਨਾ 'ਚ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹੇ ਭਰ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਇੰਡੀਆ ਗਠਜੋੜ ਦਾ ਮੁੱਦਾ ਇਸ ਮੀਟਿੰਗ ਦੌਰਾਨ ਫੋਕਸ ਰਿਹਾ। ਇਸ ਗੱਠਜੋੜ ਵਿੱਚ ਪੰਜਾਬ ਵਿੱਚ ਕਿਵੇਂ ਕੰਮ ਕਰਨਾ ਹੈ ਅਤੇ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਕੀ ਭੂਮਿਕਾ ਨਿਭਾਈ ਜਾਵੇਗੀ, ਇਸ ਬਾਰੇ ਮੀਟਿੰਗ 'ਚ ਚਰਚਾ ਕੀਤੀ ਗਈ। ਇਸ ਦੌਰਾਨ ਕੁਲਜੀਤ ਨਾਗਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਦਾ ਹਰ ਕਿਸੇ ਨਾਲ ਰੇੜਕਾ ਹੈ। ਸਟੇਜ਼ ਅਤੇ ਸਟੇਟ ਚਲਾਉਣ 'ਚ ਫਰਕ ਹੁੰਦਾ ਹੈ ਜੋ ਭਗਵੰਤ ਮਾਨ ਨਹੀਂ ਸਮਝ ਰਹੇ।(India Alliance)
ਇੰਡੀਆ ਗੱਠਜੋੜ ਨੂੰ ਲੈਕੇ ਚਰਚਾ:ਮੀਟਿੰਗ ਦੀ ਪ੍ਰਧਾਨਗੀ ਕਰਨ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਜ਼ਿਲ੍ਹਾ ਕੋਆਰਡੀਨੇਟਰ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਇੰਡੀਆ ਗੱਠਜੋੜ ਨੂੰ ਲੈ ਕੇ ਡੂੰਘਾਈ ਨਾਲ ਚਰਚਾ ਕੀਤੀ ਗਈ। ਵਰਕਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਗੱਠਜੋੜ ਤਹਿਤ ਕਿਵੇਂ ਕੰਮ ਕੀਤਾ ਜਾਵੇ, ਇਸ ਬਾਰੇ ਚਰਚਾ ਕੀਤੀ ਗਈ। ਫਿਲਹਾਲ ਇਹ ਗੱਠਜੋੜ ਉੱਚ ਪੱਧਰ 'ਤੇ ਹੋਇਆ ਹੈ। ਸੂਬਾ ਪੱਧਰ 'ਤੇ ਗੱਠਜੋੜ ਕਿਵੇਂ ਕੰਮ ਕਰੇਗਾ, ਇਸ ਬਾਰੇ ਹੋਰ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।
ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣਾ ਮੁੱਖ ਮਕਸਦ: ਕੁਲਜੀਤ ਨਾਗਰਾ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕੇਰਲ ਵਿੱਚ ਸੀਪੀਐਮ ਅਤੇ ਕਾਂਗਰਸ ਇੱਕ ਦੂਜੇ ਨਾਲ ਸਿੱਧੇ ਮੁਕਾਬਲੇ ਵਿੱਚ ਰਹਿੰਦੇ ਹਨ ਪਰ ਜਦੋਂ ਕੇਂਦਰ ਵਿੱਚ ਭਾਜਪਾ ਦੀ ਗੱਲ ਆਉਂਦੀ ਹੈ ਤਾਂ ਉਹ ਇਕੱਠੇ ਹੋ ਜਾਂਦੇ ਹਨ। ਇਸੇ ਤਰ੍ਹਾਂ ਇੰਡੀਆ ਗੱਠਜੋੜ ਬਣਿਆ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣਾ ਦਾ ਮੁੱਖ ਮਕਸਦ ਹੈ ਕਿਉਂਕਿ ਜੋ ਹਾਲਾਤ ਇਸ ਸਮੇਂ ਦੇਸ਼ ਦੇ ਬਣਾ ਦਿੱਤੇ ਗਏ ਹਨ ਉਸਦਾ ਹਰ ਕਿਸੇ ਨੂੰ ਖਤਰਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ 'ਚ ਕਾਂਗਰਸ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਮੁੱਦੇ 'ਤੇ ਜਨਤਾ ਦੇ ਵਿਚਕਾਰ ਜਾਵੇਗੀ।
ਸਟੇਜ ਅਤੇ ਸਟੇਟ ਚਲਾਉਣ ਵਿਚ ਬਹੁਤ ਫਰਕ: ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਕੁਲਜੀਤ ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਹਰ ਕਿਸੇ ਨਾਲ ਰੇੜਕਾ ਹੈ। ਉਨ੍ਹਾਂ ਕਿਹਾ ਕਿ ਇਹ ਤਜਰਬੇ ਦੀ ਘਾਟ ਹੈ ਕਿਉਂਕਿ ਸਟੇਜ ਅਤੇ ਸਟੇਟ ਚਲਾਉਣ ਵਿਚ ਬਹੁਤ ਫਰਕ ਹੁੰਦਾ ਹੈ। ਮੁੱਖ ਮੰਤਰੀ ਦੀਆਂ ਨਜ਼ਰਾਂ 'ਚ ਹਰ ਕੋਈ ਮਾੜਾ ਹੈ। ਭਗਵੰਤ ਮਾਨ ਅਤੇ ਉਨ੍ਹਾਂ ਦੀ ਟੀਮ ਹੀ ਚੰਗੀ ਹੈ। ਕੁਝ ਵੀ ਕਹਿਣ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਤੁਹਾਡਾ ਆਪਣਾ ਕਿਰਦਾਰ ਕਿਹੋ ਜਿਹਾ ਹੈ। ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਬਿਨ੍ਹਾਂ ਕੁੱਝ ਸੋਚੇ ਸਮਝੇ ਲੋਕਾਂ ਦਾ ਮਨੋਰੰਜਨ ਕਰਨ ਦੇ ਮਕਸਦ ਨਾਲ ਸਟੇਜ਼ ਤੋਂ ਹਾਸੋਹੀਣ ਟਿੱਪਣੀਆਂ ਕਰਦੇ ਹਨ। ਜਿਸ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਹਨ।