ਲੁਧਿਆਣਾ :ਖੰਨਾ 'ਚ ਹੜ੍ਹ ਦੌਰਾਨ ਗ਼ੈਬ ਦੀ ਪੁਲੀ 'ਤੇ 'ਆਪ' ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਦੇ ਖਿਲਾਫ ਨਾਅਰੇਬਾਜ਼ੀ ਕਰਨ ਵਾਲੇ ਨੌਜਵਾਨਾਂ ਖਿਲਾਫ ਐੱਫਆਈਆਰ ਦਾ ਮੁੱਦਾ ਭਖ ਰਿਹਾ ਹੈ। ਇਹ ਐੱਫਆਈਆਰ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਣ ਦੇ ਇਲਜਾਮ ਹੇਠ ਦਰਜ ਕੀਤੀ ਗਈ ਹੈ। ਇਸਦਾ ਸ਼ਿਕਾਇਤਕਰਤਾ ਨਗਰ ਕੌਂਸਲ ਦਾ ਮੁਲਾਜ਼ਮ ਕੁਲਵਿੰਦਰ ਸਿੰਘ ਹੈ। ਐੱਫਆਈਆਰ ਵਿੱਚ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਦਾ ਕੋਈ ਜ਼ਿਕਰ ਨਾ ਹੋਣ ਕਾਰਨ ਮਾਮਲਾ ਤੂਲ ਫੜ ਰਿਹਾ ਹੈ। ਮੁਲਜ਼ਮ ਨੌਜਵਾਨਾਂ ਦੀ ਹਮਾਇਤ ਕਰਦਿਆਂ ਕਾਂਗਰਸ ਨੇ ਐੱਫਆਈਆਰ ਰੱਦ ਨਾ ਕਰਨ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਦੂਜੇ ਪਾਸੇ ‘ਆਪ’ ਵਿਧਾਇਕ ਸੌਂਧ ਨੇ ਇਸ ਨੂੰ ਕਾਂਗਰਸ ਦੀ ਸ਼ਰਾਰਤ ਕਿਹਾ ਹੈ।
ਕੀ ਬੋਲੇ ਗੁਰਕੀਰਤ ਸਿੰਘ ਕੋਟਲੀ : ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ। ਨੌਜਵਾਨ ਸਿਰਫ਼ ਮੰਗ ਕਰ ਰਹੇ ਸਨ ਕਿ ਨਿਕਾਸੀ ਦਾ ਕੰਮ ਹੌਲੀ ਹੈ, ਇਸ ਵਿੱਚ ਤੇਜ਼ੀ ਲਿਆਂਦੀ ਜਾਵੇ। ਉਥੇ ਵਿਧਾਇਕ ਬਿਨਾਂ ਕੁਝ ਕਹੇ ਚਲੇ ਗਏ। ਬਾਅਦ ਵਿੱਚ ਨੌਜਵਾਨਾਂ ਨੇ ਗੁੱਸੇ ਵਿੱਚ ਨਾਅਰੇਬਾਜ਼ੀ ਕੀਤੀ। ਉਲਟਾ ਉਨਾਂ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸਦਾ ਵਿਰੋਧ ਕਰਨ ਲਈ ਕਾਂਗਰਸ ਸਭ ਤੋਂ ਪਹਿਲਾਂ ਖੰਨਾ ਦੇ ਐੱਸਐੱਸਪੀ ਨੂੰ ਮਿਲੇਗੀ। ਜੇਕਰ ਲੋੜ ਪਈ ਤਾਂ ਹਾਈਕੋਰਟ ਦਾ ਸਹਾਰਾ ਵੀ ਲਿਆ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਸਰਕਾਰ ਦੀ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਖੰਨਾ ਵਿਖੇ ਬੁਲਾ ਕੇ ਚੱਕਾ ਜਾਮ ਕੀਤਾ ਜਾਵੇਗਾ। ਕੋਟਲੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਧਮਕੀਆਂ ਦੇਣ ਦੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਵਿਧਾਇਕ ਦਾਅਵਾ ਕਰ ਰਹੇ ਹਨ ਕਿ ਇਸਦੀ ਰਿਕਾਰਡਿੰਗ ਵੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਜਿਹੀ ਕੋਈ ਵੀ ਰਿਕਾਰਡਿੰਗ ਪੇਸ਼ ਕੀਤੀ ਜਾਵੇ ਤਾਂ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।