ਹਮਲੇ ਸਬੰਧੀ ਜਾਣਕਾਰੀ ਦੇ ਰਹੇ ਕਾਂਗਰਸੀ ਲੁਧਿਆਣਾ:ਸ਼ਹਿਰ ਦੇ ਕਾਕੋਵਾਲ ਰੋਡ 'ਤੇ ਸਾਬਕਾ ਕਾਂਗਰਸੀ ਕੌਂਸਲਰ ਸੁਖਦੇਵ ਬਾਵਾ 'ਤੇ ਹੋਏ ਹਮਲੇ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਬਾਵਾ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਕੁਝ ਲੋਕਾਂ ਨੇ ਹਮਲਾ ਕੀਤਾ ਹੈ, ਜਿਸਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਹਮਲਾਵਰ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਹਨ ਅਤੇ ਕਿਉਂ ਇਹ ਹਮਲਾ ਕੀਤਾ ਗਿਆ, ਇਸ ਬਾਰੇ ਸਾਫ ਕੀਤਾ ਜਾਵੇ।
'ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ': ਇਸ ਦੌਰਾਨ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ 'ਤੇ ਹਮਲਾ ਹੋਣਾ ਵੱਡੀ ਗੱਲ ਹੈ। ਸੰਜੇ ਤਲਵਾੜ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਬੋਤਲਾਂ ਦੇ ਨਾਲ ਹਮਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਦਿੱਤੀ ਸ਼ਿਕਾਇਤ 'ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਤਾਂ ਕਾਬੂ ਕਰ ਲਿਆ ਪਰ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।
ਪੁਲਿਸ ਕਰੇ ਖੁਲਾਸਾ, ਕਿਸ ਪਾਰਟੀ ਨਾਲ ਸਬੰਧਿਤ ਮੁਲਜ਼ਮ:ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ ਮਹਾਂਮਾਈ ਦੇ ਜਾਗਰਣ ਦੀਆਂ ਤਿਆਰੀਆਂ ਦੌਰਾਨ ਇਹ ਹਮਲਾ ਕੀਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਸਾਬਕਾ ਕੌਂਸਲਰ ਬਾਵਾ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ, ਪਰ ਫਿਰ ਵੀ ਉਨ੍ਹਾਂ 'ਤੇ ਹਮਲਾ ਹੋਣਾ ਸਾਜਿਸ਼ ਹੋ ਸਕਦਾ ਹੈ। ਇਸ ਲਈ ਪੁਲਿਸ ਇਸ ਮਾਮਲੇ 'ਚ ਖੁਲਾਸਾ ਕਰੇ ਕਿ ਹਮਲਾਵਰਾਂ ਵੱਲੋਂ ਕਿਉਂ ਅਤੇ ਕਿਸ ਦੇ ਕਹਿਣ 'ਤੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਧਰਨਾ ਦੇਣ ਨੂੰ ਮਜਬੂਰ ਹੋਵੇਗੀ।
'ਕਾਂਗਰਸ ਸਮੇਂ ਪੁਲਿਸ ਵੀ ਅਸੁਰੱਖਿਅਤ ਸੀ': ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੰਜੇ ਤਲਵਾੜ ਨੂੰ ਵੀ ਪਲਟਵਾਰ ਕਰਦਿਆਂ ਮੋੜਵਾਂ ਜਵਾਬ ਦਿੱਤਾ ਹੈ। ਇਸ ਦੌਰਾਨ ਆਪ ਵਿਧਾਇਕ ਨੇ ਕਿਹਾ ਕਿ ਜਦੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਦਾ ਕਾਰਜਕਾਲ ਸੀ ਤਾਂ ਉਸ ਵੇਲੇ ਪੁਲਿਸ ਮੁਲਾਜ਼ਮ ਵੀ ਸੁਰੱਖਿਤ ਨਹੀਂ ਸਨ। ਉਨ੍ਹਾਂ ਕਿਹਾ ਕਿ ਇਹ ਲੋਕ ਹੁਣ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ, ਜਦੋਂ ਮੁੱਖ ਮੰਤਰੀ ਮਾਨ ਨੇ ਮੰਚ 'ਤੇ ਆ ਕੇ ਗੱਲ ਕਰਨ ਦਾ ਸੱਦਾ ਦਿੱਤਾ ਸੀ ਉਦੋਂ ਕੋਈ ਕਿਉਂ ਨਹੀਂ ਆਇਆ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸੂਬੇ ਦਾ ਮਾਹੌਲ ਕਿਸੇ ਕੀਮਤ ਖ਼ਰਾਬ ਨਹੀਂ ਹੋਣ ਦੇਣਗੇ, ਉਨ੍ਹਾਂ ਕਿਹਾ ਕਿ ਭੁੱਲਿਆ ਭਟਕਿਆ ਬੰਦਾ ਵਾਪਸ ਮੁੱਖਧਾਰਾ 'ਚ ਆ ਜਾਵੇ, ਨਹੀਂ ਉਸ ਦੀ ਕਾਰਵਾਈ ਦਾ ਜਵਾਬ, ਉਸ ਭਾਸ਼ਾ 'ਚ ਹੀ ਦਿੱਤਾ ਜਾਵੇਗਾ।