ਲੁਧਿਆਣਾ :ਲੁਧਿਆਣਾ ਦੇ ਪਿੰਡ ਜੈਨਪੁਰ ਦੇ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਭਖ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕਿਸਾਨ ਵੱਲੋਂ ਲਿਖੇ ਗਏ ਖੁਦਕੁਸ਼ੀ ਪੱਤਰ ਦੇ ਆਧਾਰ ਉੱਤੇ ਕਾਰੋਬਾਰੀ ਰਾਜੀਵ ਜੈਨ ਉੱਤੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਹੁਣ ਕਾਰੋਬਾਰੀ ਉਸਦੇ ਹੱਕ 'ਚ ਆ ਗਏ ਹਨ। ਕਾਰੋਬਾਰੀਆਂ ਵੱਲੋਂ ਰਾਜੀਵ ਜੈਨ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਕਿਸਾਨ ਖੁਦਕੁਸ਼ੀ ਮਾਮਲਾ, ਕਿਸਾਨਾਂ ਤੇ ਕਾਰੋਬਾਰੀ ਸਮਰਥਕਾਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤਾ ਹੰਗਾਮਾ
ਕਿਸਾਨ ਖੁਦਕੁਸ਼ੀ ਮਾਮਲੇ 'ਚ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੰਗਾਮਾ ਕੀਤਾ ਗਿਆ ਹੈ। ਕਿਸਾਨਾਂ ਨੇ ਇਨਸਾਫ਼ ਦੀ ਮੰਗ ਕੀਤੀ ਅਤੇ ਵਪਾਰੀਆਂ ਨੇ ਕਿਹਾ ਬਿਨਾਂ ਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕਿਸਾਨ ਕਾਰਵਾਈ ਉੱਤੇ ਅੜੇ :ਦੂਜੇ ਪਾਸੇ ਕਿਸਾਨ ਵੀ ਮੁਲਜ਼ਮਾਂ ਖਿਲਾਫ਼ ਕਾਰਵਾਈ 'ਤੇ ਅੜੇ ਹੋਏ ਹਨ। ਕਿਸਾਨ ਜਥੇਬੰਦੀਆਂ ਨੇ ਰਾਜੀਵ ਜੈਨ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲਾ ਵਿਗੜਦਾ ਦੇਖ ਦੇ ਮੌਕੇ ਉੱਤੇ ਲੁਧਿਆਣਾ ਪੱਛਮੀ ਦੇ ਐੱਮਐੱਲਏ ਨੂੰ ਵੀ ਆਉਣਾ ਪਿਆ ਹੈ। ਵਿਧਾਇਕ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ ਅਤੇ ਸ਼ਾਮ ਨੂੰ ਇਸ ਸਬੰਧੀ ਦੋਵਾਂ ਧਿਰਾਂ ਦੀ ਰਾਜ਼ਮੰਦੀ ਨਾਲ ਫੈਸਲਾ ਕੀਤਾ ਜਾਵੇਗਾ।
ਕੀ ਹੈ ਮਾਮਲਾ :ਦਰਅਸਲ ਬੀਤੇ ਦਿਨੀਂ ਲੁਧਿਆਣਾ ਦੇ ਜੈਨਪੁਰ ਇਲਾਕੇ ਦੇ ਰਹਿਣ ਵਾਲੇ ਕਿਸਾਨ ਸੁੱਖਵਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਸਨੇ ਆਪਣੀ ਖੁਦਕੁਸ਼ੀ ਦੇ ਲਈ ਕਾਰੋਬਾਰੀ ਰਾਜੀਵ ਜੈਨ ਨੂੰ ਜ਼ਿੰਮੇਵਾਰ ਦੱਸਿਆ ਸੀ, ਜਿਸਨੇ ਉਸ ਦੀ ਮਹਿੰਗੀ ਜ਼ਮੀਨ ਫਰਜ਼ੀ ਦਸਤਾਵੇਜ਼ਾਂ ਸਹਾਰੇ ਸਸਤੀ ਖ਼ਰੀਦ ਲਈ ਸੀ। ਇਸੇ ਮਾਮਲੇ ਵਿੱਚ ਸੁਖਵਿੰਦਰ ਸਿੰਘ ਨੇ ਇਕ ਖੁਦਕੁਸ਼ੀ ਪੱਤਰ ਲਿਖ ਕੇ ਕਾਰੋਬਾਰੀ ਨੂੰ ਜਿੰਮੇਵਾਰ ਦੱਸਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦਾ ਸਾਰੇ ਹੀ ਕਾਰੋਬਾਰੀਆਂ ਨੇ ਇਸ ਦਾ ਵਿਰੋਧ ਕੀਤਾ।
ਇਸ ਤੋਂ ਪਹਿਲਾਂ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਖਾਣ ਤੋਂ ਬਾਅਦ ਉਸਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਦੋ ਦਿਨ ਬਾਅਦ ਮੌਤ ਹੋ ਗਈ ਸੀ। ਇਸਦਾ ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਸੀ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਸੀ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸੀ। ਇਸ ਦਬਾਅ ਦੇ ਕਾਰਣ ਪੁਲਿਸ ਨੇ ਕਾਰੋਬਾਰੀ ਨੂੰ ਗ੍ਰਿਫਤਾਰ ਕਰ ਲਿਆ ਸੀ। ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਦੋਵਾਂ ਧਿਰਾਂ ਨੇ ਹੰਗਾਮਾ ਕੀਤਾ। ਪੁਲਿਸ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ।