ਲੁਧਿਆਣਾ:ਸ਼ਹਿਰ ਦੀ ਰੇਡੀਮੇਡ ਅਕਾਲਗੜ੍ਹ ਮਾਰਕੀਟ ਦੇ ਵਿੱਚ ਬੀਤੀ ਦੇਰ ਸ਼ਾਮ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਇਹ ਝਗੜਾ ਵੇਖਦੇ ਹੀ ਵੇਖਦੇ ਖੂਨੀ ਝੜਪ ਦੇ ਵਿੱਚ ਬਦਲ ਗਿਆ ਅਤੇ ਇੱਕ ਦੂਜੇ 'ਤੇ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਇਹ ਪੂਰਾ ਵਿਵਾਦ ਕੱਪੜੇ ਚੋਰੀ ਕਰਨ ਵਾਲੇ ਇੱਕ ਸ਼ੱਕੀ ਨੂੰ ਫੜੇ ਜਾਣ ਤੋਂ ਬਾਅਦ ਵਧਿਆ, ਜਦੋਂ ਉਸ ਨੇ ਕਿਸੇ ਹੋਰ ਮੁਲਜ਼ਮ ਦਾ ਨਾਂ ਉਸਦੇ ਸਾਥੀ ਵਜੋਂ ਲਿਆ। ਜਿਸ ਤੋਂ ਬਾਅਦ ਜਦੋਂ ਉਸਦੇ ਸਾਥੀ ਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਨਾਲ ਚਾਰ ਤੋਂ ਪੰਜ ਹੋਰ ਸਾਥੀ ਲੈ ਆਇਆ ਅਤੇ ਮਾਰਕੀਟ ਵਾਲਿਆਂ ਦੇ ਨਾਲ ਉਸ ਦਾ ਝਗੜਾ ਹੋ ਗਿਆ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਕਿਹਾ ਕਿ ਜਿਸ ਦਾ ਕਸੂਰ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੁਕਾਨਦਾਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ: ਉਧਰ ਅਕਾਲਗੜ੍ਹ ਮਾਰਕੀਟ ਦੇ ਪ੍ਰਧਾਨ ਨੇ ਦੱਸਿਆ ਕਿ ਸਾਨੂੰ ਕਈ ਦਿਨਾਂ ਤੋਂ ਕੱਪੜੇ ਚੋਰੀ ਦੀਆਂ ਵਾਰਦਾਤਾਂ ਬਾਰੇ ਪਤਾ ਲੱਗ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇੱਕ ਚੋਰ ਨੂੰ ਮੌਕੇ 'ਤੇ ਦਬੋਚ ਲਿਆ ਪਰ ਉਸ ਤੋਂ ਬਾਅਦ ਉਸ ਚੋਰ ਨੇ ਕਿਸੇ ਦਾ ਨਾਂ ਲਿਆ ਤੇ ਜਦੋਂ ਉਸ ਨੂੰ ਸੱਦਿਆ ਗਿਆ ਤਾਂ ਉਹ ਪਹਿਲਾਂ ਆਪਣੇ ਨਾਲ ਕੁਝ ਬੰਦੇ ਲੈ ਕੇ ਆਇਆ ਪਰ ਉਸ ਨੂੰ ਸਮਝਾ ਕੇ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਉਹ ਕਈ ਬੰਦਿਆਂ ਦੇ ਨਾਲ ਆ ਗਿਆ ਅਤੇ ਉਸਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਦੁਕਾਨਦਾਰਾਂ 'ਤੇ ਹਮਲਾ ਸ਼ੁਰੂ ਕਰ ਦਿੱਤਾ। ਪ੍ਰਧਾਨ ਨੇ ਕਿਹਾ ਕਿ ਇਸ ਹਮਲੇ ਦੇ ਵਿੱਚ ਸਾਡੇ ਕਈ ਦੁਕਾਨਦਾਰ ਜ਼ਖਮੀ ਹੋ ਗਏ, ਇੱਕ ਦੇ ਸਿਰ 'ਤੇ ਸੱਟ ਲੱਗੀ ਹੈ ਤਾਂ ਦੂਜੇ ਦੀ ਲੱਤ ਉੱਤੇ ਅਤੇ ਤੀਜੇ ਦੀ ਉਂਗਲੀ ਟੁੱਟ ਗਈ ਹੈ। ਪ੍ਰਧਾਨ ਨੇ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਉਹਨਾਂ 'ਤੇ ਹਮਲਾ ਕੀਤਾ ਗਿਆ ਸੀ। ਕੁਝ ਜ਼ਖਮੀਆਂ ਨੂੰ ਡੀਐਮਸੀ ਹਸਪਤਾਲ ਅਤੇ ਕੁਝ ਨੂੰ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।