ਲੁਧਿਆਣਾ:ਕਾਮਨਵੈਲਥ ਖੇਡਾਂ (Commonwealth Games) ਦੇ ਵਿਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਅਤੇ ਇਨ੍ਹਾਂ ਖੇਡਾਂ ਦੇ ਵਿਚ ਜੇਕਰ ਕੋਈ ਮੈਡਲ ਲੈ ਆਵੇ ਤਾਂ ਮੰਨਿਆ ਜਾਂਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਟੀਚਾ ਪੂਰਾ ਕਰ ਲਿਆ ਹੈ ਪਰ ਲੁਧਿਆਣਾ ਦੀ ਰਹਿਣ ਵਾਲੀ ਰਮਨਦੀਪ ਕੌਰ ਕਾਮਨਵੈਲਥ ਖੇਡਾਂ ਵਿਚ ਗੋਲਡ ਮੈਡਲ (Gold Medal) ਜਿੱਤਣ ਦੇ ਬਾਵਜੂਦ ਮਾੜੇ ਦੌਰ ਚੋਂ ਲੰਘ ਰਹੀ ਹੈ ਲੋਕਾਂ ਦੇ ਕੱਪੜੇ ਸਿਉਂ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ।
ਗੁਰਬਤ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਕਾਮਨਵੈਲਥ ਗੋਲਡ ਮੈਡਲਿਸਟ ਰਮਨਦੀਪ ਕੌਰ ਲੁਧਿਆਣਾ ਦੇ ਵਿੱਚ ਇੱਕ ਪਿੰਡ ਦੇ ਅੰਦਰ ਛੋਟੇ ਜਿਹੇ ਮਕਾਨ ਵਿੱਚ ਰਹਿ ਰਹੀ ਰਮਨਦੀਪ ਕੌਰ ਖੇਡ ਦੀ ਦੁਨੀਆ ਦੀ ਚੈਂਪੀਅਨ ਹੈ ਯੋਗਤਾ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਦਿੱਤੀ ਗਈ। ਉਸ ਦੇ ਘਰ ਮੈਡਲਾਂ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਹੁਣ ਉਸ ਦੇ ਬੱਚੇ ਖੇਡਦੇ ਹਨ। ਕਦੇ ਕਿਸੇ ਖਿਡਾਰੀ ਤੋਂ ਹਾਰ ਨਾ ਮੰਨਣ ਵਾਲੀ ਰਮਨਦੀਪ ਹੁਣ ਆਪਣੀ ਹੀ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਚੁੱਕੀ ਹੈ ਅਤੇ ਨੌਕਰੀ ਲਈ ਸਰਕਾਰਾਂ ਦੇ ਦਰਬਾਰਾਂ ਦੇ ਵਿਚ ਜਾ ਜਾ ਕੇ ਥੱਕ ਚੁੱਕੀ ਹੈ।
ਵਿਸ਼ਵ ਪੱਧਰੀ ਖਿਡਾਰੀ: ਰਮਨਦੀਪ ਕੌਰ ਵਿਸ਼ਵ ਪੱਧਰੀ ਖਿਡਾਰੀ ਹੈ ਉਹ 16 ਸਾਲ ਤੋਂ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਖੇਡ ਕੇ ਦੇਸ਼ ਲਈ ਪੰਜਾਬ ਲਈ ਮੈਡਲ ਲਿਆ ਰਹੀ ਹੈ। 2017 ਦੱਖਣੀ ਅਫ਼ਰੀਕਾ ਵਿਚ ਹੋਈਆਂ ਕਾਮਨਵੈਲਥ ਖੇਡਾਂ ਅੰਦਰ ਉਸ ਨੇ ਜਨਰਲ ਕੈਟਾਗਰੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਸੀ ਜਦੋਂਕਿ ਉਹ 45 ਫ਼ੀਸਦੀ ਪੋਲੀਓ ਦੀ ਸ਼ਿਕਾਰ ਹੈ। ਹਾਲ ਹੀ ਦੇ ਵਿੱਚ ਦੁਬਈ ਅੰਦਰ ਹੋਈਆਂ ਖੇਡਾਂ ਅੰਦਰ ਵੀ ਉਸ ਨੇ ਗੋਲਡ ਮੈਡਲ ਹਾਸਿਲ ਕੀਤਾ ਜੂਨ ਦੇ ਵਿੱਚ ਉਹ ਇਹ ਮੈਡਲ ਲੈ ਕੇ ਆਈ ਹੈ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਉਸ ਨੇ ਆਪਣੀ ਖੇਡ ਨੂੰ ਨਹੀਂ ਛੱਡਿਆ। ਰਮਨਦੀਪ ਕੌਰ ਸਟਰੌਂਗਐਸਟ ਵੂਮੈਨ ਦਾ ਖਿਤਾਬ ਵੀ ਆਪਣੇ ਨਾਂ ਕਰਵਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਹ ਅੱਜ ਲੋਕਾਂ ਦੇ ਕੱਪੜੇ ਸਿਉਂ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ।
ਕੱਪੜਿਆਂ ਦੀ ਸਿਲਾਈ ਕਰਦੀ ਹੋਈ ਰਮਨਦੀਪ ਕੌਰ ਸਰਕਾਰਾਂ ਨਾਲ ਮਲਾਲ ਤੇ ਉਮੀਦ: ਰਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਆਜ਼ਾਦੀ ਦਿਹਾੜ੍ਹੇ ਮੌਕੇ ਉਸ ਨੇ ਤਤਕਾਲੀ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਘੇਰ ਕੇ ਉਸ ਤੋਂ ਜਵਾਬ ਮੰਗਿਆ ਸੀ ਤਾਂ ਉਸ ਨੇ ਉਸ ਨੂੰ ਵਾਜਬ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇੱਥੋਂ ਤੱਕ ਕਿ ਖੇਡ ਨੀਤੀ ਦੇ ਵਿਚ ਤਬਦੀਲੀ ਵੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ ਕੋਈ ਅਜਿਹਾ ਮੰਤਰੀ ਨਹੀਂ ਜਾਂ ਅਧਿਕਾਰੀ ਨਹੀਂ ਜਿਸ ਤੱਕ ਉਸ ਨੇ ਪਹੁੰਚ ਨਾ ਕੀਤੀ ਹੋਵੇ ਮੀਡੀਆ ਅੱਗੇ ਵੀ ਦੁੱਖੜੇ ਰੋ-ਰੋ ਕੇ ਉਹ ਹੁਣ ਥੱਕ ਚੁੱਕੀ ਹੈ। ਜਦੋਂ ਕੁਝ ਨਾ ਬਣਦਾ ਵਿਖਿਆ ਤਾਂ ਉਸ ਨੇ ਖੁਦ ਮਿਹਨਤ ਕਰਕੇ ਪਰਿਵਾਰ ਦੀ ਪਾਲਣ ਪੋਸ਼ਣਾ ਸ਼ੁਰੂ ਕੀਤੀ। ਇਕ ਛੋਟੇ ਜਿਹੇ ਘਰ ਵਿੱਚ ਹੀ ਰਹਿੰਦੀ ਹੈ ਅਤੇ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ।
ਰਮਨਦੀਪ ਕੌਰ ਨੇ ਜਿੱਤੇ ਹੋਏ ਇਨਾਮ ਮੰਤਰੀ ਮੀਤ ਹੇਅਰ ਦਾ ਦਾਅਵਾ: ਰਮਨਦੀਪ ਨੇ ਦੱਸਿਆ ਕਿ ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਤਾਂ ਖੇਡ ਮੰਤਰੀ ਦੀ ਰਿਹਾਇਸ਼ ਦਾ ਉਨ੍ਹਾਂ ਵਲੋਂ ਘੇਰਾਓ ਕੀਤਾ ਗਿਆ ਸੀ ਪਰ ਹੁਣ ਮੀਤ ਹੇਅਰ ਖ਼ੁਦ ਮੰਤਰੀ ਬਣ ਚੁੱਕੇ ਨੇ ਪਰ ਉਨ੍ਹਾਂ ਦਾ ਮਸਲਾ ਹਾਲੇ ਤੱਕ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਨ੍ਹਾਂ ਨੂੰ ਉਮੀਦਾਂ ਨੇ ਕੇ ਸ਼ਾਇਦ ਓਹ ਉਨ੍ਹਾਂ ਦੀ ਬਾਂਹ ਫੜਨਗੇ ਨਹੀਂ ਤਾਂ ਖੇਡਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਵੇਗਾ।
ਦੋ ਬੇਟੀਆਂ ਦੀ ਜਿੰਮੇਵਾਰੀ: ਰਮਨਦੀਪ ਉੱਤੇ 2 ਬੇਟੀਆਂ ਦੀ ਜਿੰਮੇਵਾਰੀ ਹੈ ਉਸ ਦੇ 3 ਬੱਚੇ ਸਨ ਜਿਨ੍ਹਾਂ ਚੋਂ ਇਕ ਬੱਚੇ ਦੀ ਮੌਤ ਹੋ ਚੁੱਕੀ ਹੈ। ਜਿਸ ਲਈ ਰਮਨ ਨੇ ਆਪਣੀ ਗੇਮ ਨੂੰ ਹੀ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਉਸ ਨੇ ਸੋਚਿਆ ਸੀ ਕਿ ਇਹ ਆਪਣੀਆਂ ਧੀਆਂ ਨੂੰ ਵਿਸ਼ਵ ਪੱਧਰੀ ਰੇਸਲਰ ਬਣਾਵੇਗੀ ਪਰ ਜਿਵੇਂ ਦਾ ਖੇਡਾਂ ਤੋਂ ਬਾਅਦ ਮੈਡਲ ਲੈਣ ਦੇ ਬਾਵਜੂਦ ਉਸ ਦਾ ਸੰਘਰਸ਼ ਰਿਹਾ ਹੈ। ਉਸ ਨੂੰ ਇਹੀ ਲਗਦਾ ਹੈ ਕਿ ਹੁਣ ਉਹ ਆਪਣੀਆਂ ਬੇਟੀਆਂ ਨੂੰ ਖੇਡਾਂ ਵੱਲ ਨਾ ਲਾ ਕੇ ਉਨ੍ਹਾਂ ਨੂੰ ਪੜਾ ਲਿਖਾ ਦੇਵੇ।
ਪੋਲੀਓ ਹੋਣ ਦੇ ਬਾਵਜੂਦ ਨਹੀਂ ਹਾਰਿਆ ਹੋਂਸਲਾ: ਰਮਨਦੀਪ ਦਰਅਸਲ 45 ਫੀਸਦੀ ਪੋਲੀਓ ਦੀ ਮਰੀਜ਼ ਹੈ। ਉਸ ਕੋਲ ਬਕਾਇਦਾ ਇਸ ਦਾ ਸਰਟੀਫਿਕੇਟ ਹੈ ਪਰ ਇਸ ਦੇ ਬਾਵਜੂਦ ਉਹ ਪੈਰਾ ਖੇਡਾਂ ਦੇ ਨਾਲ ਜਨਰਲ ਵਿਚ ਖੇਡ ਕੇ ਵੀ ਮੈਡਲ ਲਿਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਤੋਂ ਅੱਜ ਤੱਕ ਨਹੀਂ ਡਰੀ ਉਸ ਨੇ ਮਰਦਾਂ ਨਾਲ ਵੀ ਮੁਕਾਬਲੇ ਖੇਡੇ ਤੇ ਜਿੱਤੇ ਨੇ ਪਰ ਉਹ ਹਾਲਾਤਾਂ ਤੇ ਸਰਕਾਰ ਦੀ ਬੇਰੁੱਖੀ ਤੋਂ ਹਾਰ ਗਈ ਹੈ। ਉਸ ਨੇ ਅੱਜ ਵੀ ਉਮੀਦ ਨਹੀਂ ਛੱਡੀ ਉਨ੍ਹਾਂ ਕਿਹਾ ਕਿ ਮੈਨੂੰ ਅੱਜ ਤੱਕ ਸਰਕਾਰ ਵੱਲੋਂ ਕੋਈ ਇਨਾਮ ਨਹੀਂ ਮਿਲਿਆ ਜਦੋਂ ਕੇ ਉਸ ਦੇ ਜੂਨੀਅਰ ਖਿਡਾਰੀ ਕਰੋੜਾਂ 'ਚ ਖੇਡ ਰਹੇ ਹਨ।
ਇਹ ਵੀ ਪੜ੍ਹੋ:ਪੁਲਿਸ ਮੁਲਜ਼ਮ ਦੀ ਗੱਡੀ ਹੇਠ ਬੰਬ ਰੱਖਣ ਵਾਲੇ ਮੁਲਜ਼ਮ ਗ੍ਰਿਫਤਾਰ