ਲੁਧਿਆਣਾ: ਥਾਣਾ ਫੋਕਲ ਪੁਆਇੰਟ ਅਧਿਨ ਆਉਂਦੇ ਜਮਾਲਪੁਰ ਚੌਂਕ 'ਚ ਸਵੇਰੇ ਲਗਭਗ 7 ਵਜੇ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੀ ਪੰਜਾਬ ਰੋਡਵੇਜ ਦੀ ਤੇਜ ਰਫ਼ਤਾਰ ਬੱਸ ਨੇ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਹੋਣ ਕਾਰਨ ਟੈਂਕਰ ਦਾ ਗੇਟ ਵਾਲ ਟੁੱਟ ਗਿਆ ਅਤੇ ਤੇਜ਼ਾਬ ਕਾਫੀ ਮਾਤਰਾ ਵਿੱਚ ਸੜਕ ਤੇ ਫ਼ੈਲ ਗਿਆ। ਤੇਜ਼ਾਬ ਦੇ ਜ਼ਹਿਰੀਲੇ ਧੂੰਏ ਨਾਲ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ ਅਤੇ ਸਾਹ ਲੈਣ 'ਚ ਵੀ ਕਾਫ਼ੀ ਮੁਸ਼ਕਲ ਹੋ ਰਹੀ ਸੀ। ਬੱਸ 'ਚ ਸਵਾਰ 7-8 ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਟੈਂਕਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਨੰਗਲ ਤੋਂ ਤੇਜ਼ਾਬ ਲੈ ਕੇ ਫੋਕਲ ਪੁਆਇੰਟ ਜਾ ਰਿਹਾ ਸੀ ਕਿ ਬੱਸ ਵਾਲੇ ਨੇ ਪਿੱਛੇ ਆ ਕੇ ਟੱਕਰ ਮਾਰੀ ਜਿਸ ਕਾਰਨ ਟੈਂਕਰ ਦਾ ਗੇਟ ਬਾਲ ਟੁੱਟ ਗਿਆ ਤੇ ਟੈਂਕਰ 'ਚ ਭਰਿਆਂ ਤੇਜ਼ਾਬ ਬਾਹਰ ਡੁੱਲ੍ਹ ਗਿਆ।
ਬੱਸ 'ਚ ਬੈਠੀਆਂ ਵਿਦਿਆਰਥਣਾਂ ਨੇ ਦੱਸਿਆਂ ਕਿ ਉਹ ਚੰਡੀਗੜ੍ਹ ਤੋਂ ਬੱਸ ਵਿਚ ਬੈਠੀਆਂ ਸਨ ਤੇ ਫਗਵਾੜਾ ਕਾਲਜ ਜਾਣਾ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਹੀ ਬੱਸ ਤੇਜ਼ ਚਲਾ ਰਿਹਾ ਸੀ। ਉਨ੍ਹਾਂ ਵਾਰ-ਵਾਰ ਬੱਸ ਹੌਲੀ ਚਲਾਉਣ ਲਈ ਕਿਹਾ ਤੇ ਆਖ਼ਰਕਾਰ ਬੱਸ ਤੇਜ਼ ਹੋਣ ਕਾਰਨ ਕੈਂਟਰ ਨਾਲ ਜਾ ਟਕਰਾਈ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।