ਲੁਧਿਆਣਾ:ਪੰਜਾਬ ਵਿੱਚ ਲਗਾਤਾਰ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦਾ ਘੱਟ ਤੋਂ ਘੱਟ ਪਾਰਾ 4.5 ਡਿਗਰੀ ਅਤੇ ਵੱਧ ਤੋਂ ਵੱਧ ਪਾਰਾ 11 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦੇ ਮਦੇਨਜ਼ਰ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਵਾ ਦੀ ਰਫਤਾਰ ਘੱਟ ਹੋਣ ਕਰਕੇ ਧੁੰਦ ਜਿਆਦਾ ਵੇਖਣ ਨੂੰ ਮਿਲ ਰਹੀ ਹੈ। ਪੀ.ਏ.ਯੂ ਦੇ ਮੌਸਮ ਵਿਗਿਆਨੀਆਂ ਮੁਤਾਬਕ ਸੁੱਕੀ ਠੰਢ ਪੈ ਰਹੀ ਹੈ ਜੋ ਕਿ ਲੋਕਾਂ ਦੀ ਮੁਸ਼ਕਿਲ ਦਾ ਸਬੱਬ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ 15 ਤਰੀਕ ਤੋਂ ਬਾਅਦ ਮੌਸਮ ਸਾਫ ਹੋਣ ਦੀ ਉਮੀਦ ਹੈ ਪਰ ਆਉਂਦੇ 3 ਤੋਂ 4 ਦਿਨ ਤੱਕ ਇਸੇ ਤਰ੍ਹਾਂ ਠੰਢ ਵਧੇਗੀ ਅਤੇ ਧੁੰਦ ਦਾ ਕਹਿਰ ਵੀ ਜਾਰੀ ਰਹੇਗਾ।
ਮੌਸਮ ਵਿਭਾਗ ਦੀ ਭਵਿੱਖਬਾਣੀ: ਇਸ ਦੌਰਾਨ ਗੱਲਬਾਤ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਪ੍ਰਿੰਸੀਪਲ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਤ ਮੁਕਾਬਲੇ ਸਰਦੀਆਂ ਵਿੱਚ ਦਿਨ ਜ਼ਿਆਦਾ ਠੰਢੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਦਿਨ ਦਾ ਟੈਂਪਰੇਚਰ ਵੱਧ ਤੋਂ ਵੱਧ ਨਹੀਂ ਹੁੰਦਾ ਉਦੋਂ ਉਦੋਂ ਤੱਕ ਘੱਟ ਤੋਂ ਘੱਟ ਟੈਂਪਰੇਚਰ ਦੇ ਵਿੱਚ ਵੀ ਕੋਈ ਫਰਕ ਬਹੁਤਾ ਵੇਖਣ ਨੂੰ ਨਹੀਂ ਮਿਲੇਗਾ। ਉਹਨਾਂ ਕਿਹਾ ਕਿ ਠੰਡੀਆਂ ਹਵਾਵਾਂ ਦੀ ਰਫਤਾਰ ਘੱਟ ਹੈ। ਜਿਸ ਕਰਕੇ ਧੁੰਦ ਵਾਲਾ ਮੌਸਮ ਬਣਿਆ ਹੋਇਆ ਹੈ ਅਤੇ ਸੁੱਕੀ ਠੰਡ ਜਿਆਦਾ ਪੈ ਰਹੀ ਹੈ ਜੋ ਕਿ ਲੋਕਾਂ ਨੂੰ ਬਿਮਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਕਿਸੇ ਵੀ ਪੱਛਮੀ ਚੱਕਰਵਾਤ ਦੀ ਭਵਿੱਖਬਾਣੀ ਨਹੀਂ ਹੈ ਪਰ 15 ਤਰੀਕ ਤੋਂ ਬਾਅਦ ਮੌਸਮ ਸਾਫ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ।