ਲੁਧਿਆਣਾ: ਇਕ ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਡਿਬੇਟ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਲੁਧਿਆਣਾ ਸ਼ਹਿਰੀ ਪੁਲਿਸ ਦੇ ਨਾਲ ਦਿਹਾਤੀ ਇਲਾਕੇ ਤੋਂ ਵੀ ਪੁਲਿਸ ਪਾਰਟੀ ਨੂੰ ਵੀ ਪੀਏਯੂ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਸੱਦਿਆ ਗਿਆ। ਇਸ ਦੌਰਾਨ ਸੁਰੱਖਿਆ ਰਿਵਿਊ ਮੀਟਿੰਗ ਵਿਸ਼ੇਸ਼ ਤੌਰ 'ਤੇ ਆਈਜੀ ਗੁਰਪ੍ਰੀਤ ਭੁੱਲਰ ਦੀ ਅਗਵਾਈ ਦੇ ਵਿੱਚ ਰੱਖੀ ਗਈ, ਜਿਸ ਵਿੱਚ ਲੁਧਿਆਣਾ ਸ਼ਹਿਰੀ ਪੁਲਿਸ ਦੇ ਨਾਲ ਦਿਹਾਤੀ ਪੁਲਿਸ ਦੇ ਅਫਸਰ, ਡੀਸੀਪੀ, ਐਸਐਸਪੀ, ਏਡੀਸੀਪੀ, ਏਸੀਪੀ ਮੀਟਿੰਗ ਦੇ ਵਿੱਚ ਮੌਜੂਦ ਰਹੇ। ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਵੀ ਚਾਕ ਚੋਬੰਦ ਕੀਤੀ ਗਈ ਹੈ। (CM Mann Open Debate Challenge)
ਸਿਆਸੀ ਪਾਰਟੀਆਂ ਦੇ ਸ਼ਾਮਲ ਹੋਣ 'ਤੇ ਸਸਪੈਂਸ:ਹਾਲਾਂਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਡਿਬੇਟ ਦੇ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ ਪਰ ਹਾਲੇ ਤੱਕ ਕਾਂਗਰਸ ਅਤੇ ਅਕਾਲੀ ਦਲ ਨੇ ਡਿਬੇਟ ਦੇ ਵਿੱਚ ਸ਼ਾਮਲ ਹੋਣ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਜਿਸ ਕਰਕੇ ਇਹਨਾਂ ਦੋਵਾਂ ਹੀ ਪਾਰਟੀਆਂ ਦੇ ਆਗੂਆਂ ਦੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਨਾ ਹੋਣ 'ਤੇ ਸ਼ਸ਼ੋਪੰਜ ਬਰਕਰਾਰ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਲੁਧਿਆਣਾ ਪੀਏਯੂ ਦੇ ਵਿੱਚ ਪੁਲਿਸ ਵੱਲੋਂ ਵਧਾਈ ਗਈ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਬਿਕਰਮ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਵਾਲ ਖੜੇ ਕੀਤੇ ਗਏ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਾਉਣ ਦੀ ਕੀ ਲੋੜ ਹੈ।