ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਪੀ. ਐਨ. ਏ. ਵਾਈ. ਯੋਜਨਾ ਤਹਿਤ ਲਾਭਪਾਤਰੀਆਂ ਨੂੰ 101 ਕਰੋੜ ਰੁਪਏ ਦੀ ਰਾਸ਼ੀ ਸੌਂਪੀ। ਲੋੜਵੰਦਾਂ ਨੂੰ ਘਰ ਬਣਾਉਣ ਲਈ ਪ੍ਰਤੀ ਪਰਿਵਾਰ ਪੌਣੇ 2 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ। ਸੀਐੱਮ ਮਾਨ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨਾ ਸਰਕਾਰਾਂ ਦਾ ਫਰਜ਼ ਹੈ, ਇਸ ਲਈ ਇਹ ਕੋਈ ਅਹਿਸਾਨ ਨਹੀਂ ਸਗੋਂ ਸੂਬਾ ਸਰਕਾਰ ਨੇ ਆਪਣੀ ਡਿਊਟੀ ਪੂਰੀ ਕੀਤੀ ਹੈ।
ਨਗਰ-ਨਿਗਮ ਨੂੰ ਸੌਗਾਤ:ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੀ ਨਗਰ ਨਿਗਮ ਨੂੰ ਸੌਗਾਤ ਦਿੱਤੀ ਹੈ। ਨਗਰ ਨਿਗਮ ਲੁਧਿਆਣਾ ਲਈ 50 ਟ੍ਰੈਕਟਰਾਂ ਨੂੰ ਹਰੀ ਝੰਡੀ ਸੀਐੱਮ ਨੇ ਵਿਖਾਈ ਹੈ। ਸੀਐੱਮ ਮਾਨ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਲਈ ਅਤਿ ਆਧੁਨਿਕ ਮਸ਼ੀਨ ਵੀ ਲੋਕਾਂ ਨੂੰ ਕੀਤੀਆਂ ਸਮਰਪਿੱਤ ਗਈਆਂ ਨੇ। ਉਨ੍ਹਾਂ ਕਿਹਾ ਕਿ 50 ਟ੍ਰੈਕਟਰ ਅਤੇ ਮਸ਼ੀਨਾਂ ਦਿਨ-ਰਾਤ ਮੁਲਾਜ਼ਮਾਂ ਦੀ ਮਦਦ ਨਾਲ ਲੁਧਿਆਣਾ ਅੰਦਰ ਫੈਲ ਰਹੇ ਕੂੜੇ ਦੇ ਢੇਰਾਂ ਨੂੰ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀ ਥਾਂ ਉੱਤੇ ਛੱਡਣਗੀਆਂ। ਇਸ ਨਾਲ ਸ਼ਹਿਰ ਦੀ ਸਫਾਈ ਹੋਵੇਗੀ ਅਤੇ ਲੋਕਾਂ ਨੂੰ ਸਾਫ ਅਤੇ ਸੰਤੁਲਿਤ ਵਾਤਾਵਰਣ ਮਿਲੇਗਾ।
ਖ਼ਜ਼ਾਨੇ ਕਦੇ ਵੀ ਨਹੀਂ ਹੁੰਦੇ ਖਾਲੀ:ਇਸ ਮੌਕੇ ਸੀਐੱਮ ਮਾਨ ਨੇ ਕਿਹਾ ਕਿ ਸਰਕਾਰਾ ਦੇ ਖ਼ਜ਼ਾਨੇ ਕਦੇ ਵੀ ਖਾਲੀ ਨਹੀਂ ਹੁੰਦੇ ਕਿਉਂਕਿ ਲੋਕ ਹਮੇਸ਼ਾ ਇਮਾਨਦਾਰੀ ਨਾਲ ਸਰਕਾਰ ਦੇ ਖਜ਼ਾਨੇ ਵਿੱਚ ਆਪਣੀ ਕਮਾਈ ਦੇ ਅੰਦਰੋਂ ਪੈਸਾ ਭਰਦੇ ਨੇ। ਉਨ੍ਹਾਂ ਕਿਹਾ ਕਰੋੜਾਂ ਲੋਕ ਰੋਜ਼ਾਨਾਂ ਖ਼ਜ਼ਾਨੇ ਵਿੱਚ ਪੈਸੇ ਟੈਕਸ ਅਦਾ ਕਰਕੇ ਭਰ ਰਹੇ ਨੇ ਫਿਰ ਖ਼ਜ਼ਾਨਾ ਕਿਵੇਂ ਖਾਲੀ ਹੋ ਸਕਦਾ ਹੈ। ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਖ਼ਜ਼ਾਨਾ ਖਾਲੀ ਕਰਕੇ ਆਪਣੇ ਖ਼ਜ਼ਾਨੇ ਭਰੇ ਨੇ ਇਸ ਕਰਕੇ ਪੰਜਾਬ ਪਿੱਛੇ ਗਿਆ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੇ ਹੱਕ ਦੀ ਸਰਕਾਰ ਬਣੀ ਹੈ ਇਸ ਲਈ ਖਜ਼ਾਨੇ ਵੀ ਭਰਪੂਰ ਨੇ ਅਤੇ ਲੋਕਾਂ ਦੀ ਤਰੱਕੀ ਵੀ ਹੋ ਰਹੀ ਹੈ।
ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ: ਸੀਐੱਮ ਮਾਨ ਨੇ ਇਸ ਮੌਕੇ ਇਹ ਵੀ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਸਿਆਸਤ ਵੱਲ ਨਾ ਹੋਕੇ ਸਿਹਤ ਸਹੂਲਤਾਂ ਅਤੇ ਸਿਖ਼ਰ ਦੀ ਸਿੱਖਿਆ ਪ੍ਰਣਾਲੀ ਵੱਲ ਹੈ। ਉਨ੍ਹਾਂ ਕਿਹਾ ਕਿ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਜਿੱਥੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਕਾਬਲੀਅਤ ਵਾਲੇ ਅਧਿਆਪਕ ਦਿੱਤੇ ਜਾ ਰਹੇ ਨੇ ਉੱਥੇ ਹੀ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਲਈ ਵਿਦੇਸ਼ੀ ਦੌਰੇ ਵੀ ਕਰਵਾਏ ਜਾ ਰਹੇ ਨੇ। ਉਨ੍ਹਾਂ ਨੇ ਮੁਹੱਲਾ ਕਲੀਨਿਕਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਹੁਣ ਘਰ ਦੇ ਕੋਲ ਲੋਕਾਂ ਨੂੰ ਮਾਹਿਰ ਡਾਕਟਰਾਂ ਤੋਂ ਬਿਮਾਰੀਆਂ ਦਾ ਇਲਾਜ ਮਿਲ ਰਿਹਾ ਹੈ।