ਵੱਖ ਵੱਖ ਰਾਜਨੀਤੀ ਆਗੂਆਂ ਦੇ ਬਿਆਨ ਲੁਧਿਆਣਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀ ਸਾਰੀ ਹੀ ਸਿਆਸੀ ਪਾਰਟੀਆਂ ਮੁੱਖ ਨੁਮਾਇੰਦਿਆਂ ਨੂੰ ਬਹਿਸ ਦੇ ਲਈ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ ਅਤੇ ਇਸ ਲਈ 1 ਨਵੰਬਰ ਦਾ ਦਿਨ ਮੁਕਰਰ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਬਹਿਸ ਲਈ ਥਾਂ ਪੀਏਯੂ ਲੁਧਿਆਣਾ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਹੋ ਸਕਦਾ ਹੈ।
ਇਸ ਬਹਿਸ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਇਸ ਬਹਿਸ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ, ਅਕਾਲੀ ਦਲ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਨਹੀਂ ਸਗੋਂ ਪੰਜਾਬ ਦੀ ਸਰਕਾਰੀ ਬਹਿਸ ਦੱਸਿਆ ਹੈ। ਜਿਸ ਕਰਕੇ ਮੀਡੀਆ ਦੀ ਆਜ਼ਾਦੀ ਉੱਤੇ ਸਰਕਾਰ ਵੱਲੋਂ ਆਪਣੇ ਤੰਤਰ ਦੀ ਵਰਤੋਂ ਕਰਕੇ ਬਹਿਸ ਨੂੰ ਪ੍ਰਭਾਵਿਤ ਕਰਨ ਦੇ ਅਕਾਲੀ ਦਲ ਨੇ ਇਲਜ਼ਾਮ ਲਗਾਏ ਹਨ। ਹਾਲਾਂਕਿ ਅਕਾਲੀ ਦਲ ਨੇ ਕਿਹਾ ਕਿ ਇਹ ਬਹਿਸ ਪੀਏਯੂ ਵਿੱਚ ਨਹੀਂ ਸਾਡੇ ਵੱਲੋਂ ਤੁਸੀਂ ਚੰਡੀਗੜ੍ਹ ਵਿੱਚ ਕਿਸੇ ਸਥਾਨ ਉੱਤੇ ਹੋਣੀ ਚਾਹੀਦੀ ਹੈ।
ਵਿਰੋਧੀਆਂ ਕੋਲ ਕਿਹੜੇ-ਕਿਹੜੇ ਮੁੱਦੇ
ਵਿਰੋਧੀਆਂ ਕੋਲ ਕਿਹੜੇ-ਕਿਹੜੇ ਮੁੱਦੇ:ਪੰਜਾਬ ਸਰਕਾਰ ਨੂੰ ਘੇਰਨ ਦੇ ਲਈ ਵਿਰੋਧੀਆਂ ਕੋਲ ਮੁੱਦਿਆਂ ਦੀ ਕੋਈ ਕਮੀ ਨਹੀਂ ਹੈ, ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਦੱਸਿਆ ਕਿ ਪਹਿਲਾ ਸਰਕਾਰ ਇਹ ਦੱਸ ਦੇਵੇ ਕਿ ਉਹਨਾਂ ਨੇ ਲੋਕਾਂ ਨਾਲ ਕੀਤੇ ਕਿੰਨੇ ਵਾਅਦੇ ਪੂਰੇ ਹਨ, ਉਹਨਾਂ ਨੇ ਕਿਹਾ ਕਿ ਭਾਵੇਂ ਐਸ.ਵਾਈ.ਐਲ ਦਾ ਮੁੱਦਾ ਹੋਵੇ ਭਾਵੇਂ ਕਰਜ਼ੇ ਦਾ ਮੁੱਦਾ ਹੋਵੇ, ਭਾਵੇਂ ਬੇਅਦਬੀਆਂ ਦੇ ਇਨਸਾਫ਼ ਦਿਵਾਉਣ ਦਾ ਮੁੱਦਾ ਹੋਵੇ, ਭਾਵੇਂ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਦਾ ਮੁੱਦਾ ਹੋਵੇ, ਭਾਵੇਂ ਨਸ਼ੇ ਦਾ ਮੁੱਦਾ ਹੋਵੇ ਭਾਵੇਂ ਖ਼ਰਾਬ ਹੋਈਆਂ ਫਸਲਾਂ ਦਾ ਮੁੱਦਾ ਹੋਵੇ, ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਹੋਵੇ ਜਾਂ ਫਿਰ ਡੇਢ ਸਾਲ ਵਿੱਚ 37 ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ, ਹੜ੍ਹ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਦਾ ਮੁੱਦਾ ਹੋਵੇ ਜਾਂ ਫਿਰ ਆਪਣੇ ਹੀ ਕੈਬਨਿਟ ਮੰਤਰੀ ਉੱਤੇ ਕਾਰਵਾਈ ਨਾ ਹੋਣ ਦਾ ਮੁੱਦਾ ਹੋਵੇ, ਅਜਿਹੇ ਕਈ ਕਾਰਨ ਹਨ, ਜਿੱਥੇ ਸਰਕਾਰ ਖੁਦ ਘਿਰਦੀ ਹੈ।
ਐਸ.ਵਾਈ.ਐਲ ਉੱਤੇ ਸਿਆਸਤ: ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਐਸ.ਵਾਈ.ਐਲ ਦਾ ਚੱਲ ਰਿਹਾ ਹੈ, ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾਂ ਨੇ ਦੱਸਿਆ ਕਿ 1 ਨਵੰਬਰ ਦਾ ਦਿਨ ਇਸ ਕਰਕੇ ਰੱਖਿਆ ਗਿਆ ਹੈ, ਕਿਉਂਕਿ ਉਸ ਦਿਨ ਐਸ.ਵਾਈ.ਐਲ ਦਾ ਕਿੰਨਾ ਕੰਮ ਪੂਰਾ ਹੋਇਆ ਹੈ, ਇਸ ਸਬੰਧੀ ਟੀਮ ਨੇ ਪੰਜਾਬ ਦੇ ਵਿੱਚ ਆ ਕੇ ਮੁਆਇਨਾ ਕਰਨਾ ਹੈ। ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾਂ ਨੇ ਕਿਹਾ ਇਸ ਮੁੱਦੇ ਨੂੰ ਭਟਕਾਉਣ ਲਈ ਹੀ ਸਰਕਾਰ ਨੇ ਇਹ ਬਹਿਸ ਰੱਖੀ ਹੈ ਤਾਂ ਕਿ ਚੁੱਪ ਚੁਪੀਤੇ ਮੋਇਨਾ ਕਰਨ ਵਾਲੇ ਆ ਕੇ ਆਪਣਾ ਕੰਮ ਕਰਕੇ ਚਲੇ ਜਾਣਾ।
ਉਧਰ ਅਕਾਲੀ ਦਲ ਨੇ ਵੀ ਟੀਮ ਦਾ ਵਿਰੋਧ ਕਰਨ ਦੀ ਗੱਲ ਕਹੀ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕੋਲ ਐਸ.ਵਾਈ.ਐਲ ਦੇ ਉੱਤੇ ਕੋਈ ਜਵਾਬ ਨਹੀਂ ਹੈ, ਕਿਉਂਕਿ ਇਹਨਾਂ ਦੇ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਐਸ.ਵਾਈ.ਐਲ ਦੇ ਮੁੱਦੇ ਉੱਤੇ ਇਹ ਕਹਿ ਕੇ ਗੱਲ ਟਾਲ ਦਿੱਤੀ ਹੈ ਕਿ ਸਾਨੂੰ ਕਿਸਾਨ ਅਤੇ ਵਿਰੋਧੀ ਧਿਰ ਦਬਾਅ ਪਾ ਰਹੇ ਹਨ, ਜਿਸ ਕਰਕੇ ਐਸ.ਵਾਈ.ਐਲ ਨਹਿਰ ਨਹੀਂ ਬਣਾਈ ਜਾ ਸਕੀ ਹੈ।
ਡੇਢ ਸਾਲ ਦੀ ਕਾਰਗੁਜ਼ਾਰੀ:ਹਾਲਾਂਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦੇਣ ਦੀ ਪੂਰੀ ਤਿਆਰੀ ਕਰ ਚੁੱਕੇ ਹਨ। ਪਿਛਲੀਆਂ ਸਰਕਾਰਾਂ ਦੇ ਦੌਰਾਨ ਹੋਏ ਘੋਟਾਲੇ ਪੰਜਾਬ ਦੇ ਸਿਰ ਚੜੇ ਪਿਛਲੀ ਸਰਕਾਰਾਂ ਦੇ ਦੌਰਾਨ ਕਰਜ਼ੇ, ਕਾਂਗਰਸ ਦੀ ਸਰਕਾਰ ਵੇਲੇ ਕਪੂਰੀ ਵਿੱਚ ਟੱਕ ਲਗਾ ਕੇ ਐਸ.ਵਾਈ.ਐਲ ਦੀ ਸ਼ੁਰੂਆਤ, ਪੰਜਾਬ ਦੇ ਵਿੱਚ ਹੋਈਆਂ ਬੇਅਦਬੀਆਂ ਕਾਰਨ ਸਿੱਖ ਕੌਮ ਦੇ ਵਲੂੰਦਰੇ ਗਏ ਹਿਰਦੇ, ਨਸ਼ੇ ਦੇ ਕਾਰਨ ਹੋਈਆਂ ਮੌਤਾਂ ਅਤੇ ਨਸ਼ੇ ਦੇ ਹੋਏ ਪ੍ਰਸਾਰ ਵਰਗੇ ਕਈ ਅਜਿਹੇ ਮੁੱਦੇ ਹਨ, ਜਿਹਨਾਂ ਉੱਤੇ ਸਰਕਾਰ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਘੇਰ ਸਕਦੀ ਹੈ।
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਪਾਕ ਸਾਫ ਹਨ, ਉਹਨਾਂ ਦੇ ਮਨ ਵਿੱਚ ਕੋਈ ਡਰ ਨਹੀਂ ਹੈ ਤਾਂ ਹੀ ਉਹ ਇਹਨਾਂ ਸਾਰੇ ਹੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦੇ ਰਹੇ ਹਨ। ਪਰ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਨਹੀਂ ਕਿ ਕੋਈ ਆਏਗਾ, ਕਿਉਂਕਿ ਇਹ ਇਮਾਨਦਾਰ ਨਹੀਂ ਹਨ, ਇਸ ਕਰਕੇ ਬਹਿਸ ਤੋਂ ਭੱਜ ਰਹੇ ਹਨ।
ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਦਾ ਬਿਆਨ
ਪੀ.ਏ.ਯੂ ਵਿੱਚ ਬਹਿਸ:ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਇਹ ਬਹਿਸ ਕਰਵਾਉਣ ਦੀ ਗੱਲ ਚੱਲ ਰਹੀ ਸੀ, ਜਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਮਨ੍ਹਾਂ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਟੈਗੋਰ ਥੀਏਟਰ ਵਿੱਚ ਨਹੀਂ ਜਾਣਗੇ। ਕਿਉਂਕਿ ਉਹ ਸਿਆਸਤ ਕਰਨ ਲਈ ਕੋਈ ਮੰਚ ਨਹੀਂ, ਸਗੋਂ ਸੱਭਿਆਚਾਰਕ ਪ੍ਰੋਗਰਾਮਾਂ ਲਈ ਸਾਂਝਾ ਮੰਚ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇਹ ਪੁੱਛਿਆ ਕਿ ਇੱਕ ਨਵੰਬਰ ਨੂੰ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਖਾਲੀ ਹੈ ਜਾਂ ਨਹੀਂ। ਮੰਨਿਆ ਜਾ ਰਿਹਾ ਹੈ ਕਿ ਜੇਕਰ ਬਹਿਸ ਹੁੰਦੀ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਹੋ ਸਕਦੀ ਹੈ। ਪਰ ਇਸ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਇਸ ਬਹਿਸ ਦੇ ਵਿੱਚ ਸ਼ਾਮਿਲ ਹੋਣ ਉੱਤੇ ਸਾਫ ਇਨਕਾਰ ਕਰ ਦਿੱਤਾ ਹੈ।