ਲੁਧਿਆਣਾ:ਜ਼ਿਲ੍ਹੇ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਚੱਲ ਰਹੇ ਕਿਸਾਨ ਮੇਲੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹੁੰਚ ਕੇ ਯੂਨੀਵਰਸਿਟੀ ਲਈ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਕਿਸਾਨ ਸੁਆਣੀਆਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸੀਐੱਮ ਭਗਵੰਤ ਮਾਨ (CM Bhagwant maan) ਨੇ ਕਿਹਾ ਕਿ ਖੇਤੀਬਾੜੀ ਉਨ੍ਹਾਂ ਦੇ ਦਿਲ ਦੇ ਸਭ ਤੋਂ ਕਰੀਬ ਹੈ ਅਤੇ ਇਸ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਲੱਖਾਂ ਕਿਸਾਨਾਂ ਨੇ ਮੇਲੇ 'ਚ ਕੀਤੀ ਸ਼ਿਰਕਤ:ਸੀਐੱਮ ਮਾਨ ਨੇ ਕਿਹਾ ਕਿ ਇਸ ਕਿਸਾਨ ਮੇਲੇ ਵਿੱਚ ਬੀਤੇ ਦਿਨ ਇੱਕ ਲੱਖ 9 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਖੇਤੀ ਤਕਨੀਕਾਂ ਦੇ ਨਾਲ-ਨਾਲ ਨਵੇਂ ਸੰਦਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਸੀਐੱਮ ਮਾਨ ਨੇ ਕਿਹਾ ਕਿ ਖੇਤੀਬਾੜੀ ਨੂੰ ਅੱਗੇ ਵਧਾਉਣ ਲਈ ਸਮੇਂ ਦੇ ਹਾਣੀ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਅੱਜ ਇੱਕ ਫਸਲ ਨੂੰ ਤਿੰਨ ਤਰੀਕਿਆਂ ਨਾਲ ਬੀਜਿਆ ਜਾ ਸਕਦਾ ਹੈ, ਤਿੰਨ ਤਰੀਕੇ ਨਾਲ ਪਾਣੀ ਲਾਇਆ ਜਾ ਸਕਦਾ ਹੈ ਅਤੇ ਤਿੰਨ ਤਰੀਕਿਆਂ ਨਾਲ ਸਪਰੇਅ ਕੀਤੀ ਜਾ ਸਕਦੀ ਹੈ। ਇਨ੍ਹਾਂ ਆਧੁਨਿਕ ਤਰੀਕਿਆਂ ਦੇ ਇਸਤੇਮਾਲ ਨਾਲ ਖੇਤੀ ਤੋਂ ਹੋਰ ਵੀ ਵਧੀਆ ਪੈਦਾਵਾਰ ਮਿਲ ਸਕਦੀ ਹੈ।
ਬਿਜਲੀ ਮੁਫਤ ਦੇਣ ਦੇ ਨਾਲ-ਨਾਲ ਮੋੜਿਆ ਮਹਿਕਮੇ ਦਾ ਬਕਾਇਆ: ਸੀਐੱਮ ਮਾਨ ਨੇ ਪਿਛਲੀਆਂ ਸਰਕਾਰਾਂ ਨੂੰ ਲੇਪਟਦਿਆਂ ਆਖਿਆ ਕਿ ਇਸ ਵਾਰ ਕਿਸਾਨਾਂ ਨੂੰ ਜਿੱਥੇ ਖੇਤੀ ਮੋਟਰਾਂ ਲਈ ਪੂਰਾ-ਪੂਰਾ ਦਿਨ ਬਿਜਲੀ ਸਪਲਾਈ ਪਹੁੰਚੀ ਉੱਥੇ ਹੀ ਸੂਬੇ ਦੇ ਲੋਕਾਂ ਨੂੰ 600 ਯੂਨਿਟ ਮੁਫਤ ਬਿਜਲੀ (600 units of free electricity) ਵੀ ਦਿੱਤੀ ਗਈ,ਜਿਸ ਕਾਰਣ ਸੂਬੇ ਦੇ 84 ਲੱਖ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਉਨ੍ਹਾਂ ਕਿਹਾ ਕਿ ਮੁਫਤ ਬਿਜਲੀ ਦੇਣ ਦੇ ਨਾਲ-ਨਾਲ 20 ਹਜ਼ਾਰ ਕਰੋੜ ਰੁਪਏ ਪਾਵਰਕੌਮ ਦਾ ਬਕਾਇਆ ਵੀ ਮੋੜਿਆ ਗਿਆ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਸਮੇਂ ਵੀ ਇਹੀ ਸਿਸਟਮ ਸੀ ਬੱਸ ਕੰਮ ਕਰਨ ਦੀ ਇੱਛਾ ਸ਼ਕਤੀ ਨਹੀਂ ਸੀ।
ਕੇਂਦਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਮੁਸੀਬਤਾਂ:ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਾਸਮਤੀ ਦੀ ਮੰਗ (demand for basmati) ਨੂੰ ਵੇਖਦਿਆਂ ਇਸ ਦੀ ਪੈਦਾਵਾਰ ਵਧਾਈ ਅਤੇ ਵਿਦੇਸ਼ ਨੂੰ ਸਪਲਾਈ ਕਰਨ ਦੇ ਮਾਪਦੰਡਾਂ ਨੂੰ ਪੂਰਾ ਕੀਤਾ। ਇਸ ਦੌਰਾਨ ਕੇਂਦਰ ਨੇ ਸਾਥ ਦੇਣ ਦੀ ਬਜਾਏ ਪ੍ਰਤੀ 12 ਹਜ਼ਾਰ ਟਨ ਉੱਤੇ ਸੈੱਸ ਲਗਾ ਦਿੱਤਾ ਅਤੇ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ। ਸੀਐੱਮ ਮਾਨ ਮੁਤਾਬਿਕ ਕੇਂਦਰ ਦੇ ਇਸ ਫੈਸਲੇ ਮਗਰੋਂ ਉਨ੍ਹਾਂ ਨੇ ਬਾਸਮਤੀ ਬਾਹਰ ਦਰਾਮਦ ਕਰਨ ਦੀ ਬਜਾਏ ਦੇਸ਼ ਦੇ ਹੋਰ ਸੂਬਿਆਂ ਵਿੱਚ ਹੀ ਵੇਚਣੀ ਸ਼ੁਰੂ ਕਰ ਦਿੱਤੀ।