ਲੁਧਿਆਣਾ: ਬੀਤੇ ਦਿਨੀਂ ਸਰਕਾਰ ਵੱਲੋਂ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਨੇ ਨਵੀਂ ਗਾਈਡਲਾਈਨਜ਼ ਲੋਕਾਂ ਦੀ ਭਲਾਈ ਵਜੋਂ ਜਾਰੀ ਕੀਤੀ ਹੈ ਪਰ ਲੁਧਿਆਣਾ ਵਿੱਚ ਇਹ ਗਾਈਡਲਾਈਨਜ਼ ਲੜਾਈ ਦਾ ਕਾਰਨ ਬਣ ਗਈਆਂ। ਲੁਧਿਆਣਾ ਦੇ ਦੁੱਗਰੀ ਰੋਡ ਉੱਤੇ ਬਣੇ ਇੱਕ ਹੋਟਲ ਵਿੱਚ ਲਾੜੇ ਦੇ ਪਰਿਵਾਰ ਤੇ ਹੋਟਲ ਦੇ ਮੈਨੇਜਰ ਵਿਚਕਾਰ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ਵਿੱਚ ਲਾੜਾ ਜ਼ਖ਼ਮੀ ਹੋ ਗਿਆ ਹੈ।
ਪੀੜਤ ਲਾੜੇ ਨੇ ਦੱਸਿਆ ਕਿ 17 ਤਰੀਕ ਨੂੰ ਹੋਟਲ ਗਰੈਂਡ ਵਿੱਚ ਉਸ ਦਾ ਵਿਆਹ ਰੱਖਿਆ ਹੋਇਆ ਹੈ। ਅਚਾਨਕ ਕੱਲ ਸਰਕਾਰ ਦੀ ਨਵੀਂ ਗਾਈਡਲਾਈਨ ਜਾਰੀ ਹੋਈ ਹੈ ਜਿਸ ਵਿੱਚ ਸਰਕਾਰ ਨੇ ਹਿਦਾਇਤ ਦਿੱਤੀ ਹੈ ਕਿ ਪਹਿਲਾਂ ਜਿਹੜੇ ਵਿਆਹ ਵਿੱਚ 50 ਵਿਅਕਤੀਆਂ ਦਾ ਇਕੱਠ ਕੀਤੀ ਜਾਂਦਾ ਸੀ ਉਸ ਨੂੰ ਹੁਣ 30 ਕਰ ਦਿੱਤਾ ਹੈ। ਯਾਨੀ ਕਿ ਵਿਆਹ ਵਿੱਚ ਸਿਰਫ਼ 30 ਲੋਕ ਹੀ ਸ਼ਮੂਲੀਅਤ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਹੋਟਲ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਹੋਟਲ ਦੇ ਮੈਨੇਜਰ ਨੇ ਕਿਹਾ ਕਿ ਉਹ 100 ਬੰਦੇ ਲੈ ਕੇ ਆਉਣ ਉਨ੍ਹਾਂ ਦੀ ਪੂਰੀ ਸੈਟਿੰਗ ਹੈ। ਉਨ੍ਹਾਂ ਕਿਹਾ ਕਿ ਉਹ 30 ਵਿਅਕਤੀਆਂ ਦੇ ਨਾਲ ਹੀ ਵਿਆਹ ਕਰਵਾਉਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਮੈਨੇਜਰ ਨੂੰ ਪੈਸੇ ਰਿਫੰਡ ਕਰਨ ਲਈ ਕਿਹਾ। ਪਰ ਹੋਟਲ ਵਾਲਿਆਂ ਨੇ ਪੈਸੇ ਰਿਫੰਡ ਕਰਨ ਤੋਂ ਇਨਕਾਰ ਕਰ ਦਿੱਤਾ।