ਲੁਧਿਆਣਾ:ਕਾਂਗਰਸ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਅੱਜ ਇਥੇ ਵਿਜੀਲੈਂਸ ਦੀ ਰਡਾਰ ਤੇ ਹਨ ਅਤੇ ਉੱਥੇ ਹੀ ਹੁਣ ਮੌਜੂਦਾ ਸਰਕਾਰ ਦੇ ਵਿਧਾਇਕਾਂ ਵੱਲੋਂ ਵੀ ਆਪਣੀ ਸਫ਼ਾਈ ਦੇਣ ਲਈ ਆਪਣੀ ਪਰਸਨਲ ਅਸਿਸਟੈਂਟ ਨੂੰ ਲੈ ਕੇ ਮੀਡੀਆ ਵਿੱਚ ਬਿਆਨ ਜਾਰੀ ਕਰਨੇ ਪੈ ਰਹੇ ਨੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਹਰਜਿੰਦਰਪਾਲ ਕੌਰ ਛੀਨਾ ਦੀ ਪ੍ਰੈਸ ਕਾਨਫਰੰਸ ਦਾ ਸਾਹਮਣੇ ਆਇਆ ਹੈ, ਜਿਸ ਨੂੰ ਸਿਰਫ ਇਸ ਮੁੱਦੇ ਉਤੇ ਪ੍ਰੈੱਸ ਕਾਨਫਰੰਸ ਕਰਨੀ ਪੈ ਗਈ ਕਿ ਉਨ੍ਹਾਂ ਦਾ ਇੱਕੋ ਹੀ ਪੀਏ ਹੈ ਅਤੇ ਉਸ ਦਾ ਮੋਬਾਈਲ ਨੰਬਰ ਵੀ ਪ੍ਰੈਸ ਕਾਨਫਰੰਸ ਦੌਰਾਨ ਮੈਡਮ ਨੇ ਜਾਰੀ ਕੀਤਾ, ਜਿਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ, ਜਦੋਂ ਕਿਸੇ ਵਿਧਾਇਕ ਜਾਂ ਫਿਰ ਮੰਤਰੀ ਦੇ ਪਰਸਨਲ ਅਸਿਸਟੈਂਟ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹੋਣ।
ਕਿਉਂ ਦਿੱਤੀ ਸਫਾਈ ? :ਦਰਅਸਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਈ ਅਜਿਹੇ ਲੀਡਰ ਵੀ ਹਨ, ਪਹਿਲੀ ਵਾਰ ਵਿਧਾਇਕ ਬਣੇ ਹਨ, ਜਿਨ੍ਹਾਂ ਵਿੱਚੋਂ ਇੱਕ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਹਰਜਿੰਦਰਪਾਲ ਕੌਰ ਛੀਨਾ ਹੈ, ਜਿਸ ਦੇ ਦਫ਼ਤਰ ਵਿਖੇ ਕੰਮ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਸਨ ਅਤੇ ਉਨ੍ਹਾਂ ਦੇ ਨਾਂ ਉਤੇ ਜਾਂ ਪੀਏ ਬਣ ਕੇ ਸਰਕਾਰੀ ਬਾਬੂਆਂ ਨੂੰ ਫੋਨ ਕੰਮ ਲਈ ਕੀਤੇ ਜਾ ਰਹੇ ਸਨ, ਜਿਸ ਕਰਕੇ ਵਿਧਾਇਤ ਨੂੰ ਆਪਣੀ ਪੀਏ ਦਾ ਨੰਬਰ ਜਾਰੀ ਕਰਨ ਲਈ ਪ੍ਰੈਸ ਕਾਨਫਰੰਸ ਕਰਨੀ ਪਈ। ਬਾਕਾਇਦਾ ਵਿਧਾਇਕਾ ਨੇ ਆਪਣਾ ਨੰਬਰ ਅਤੇ ਪੀਏ ਦਾ ਨੰਬਰ ਦੱਸ ਕੇ ਕਿਹਾ ਕਿ ਜੇਕਰ ਇਨ੍ਹਾਂ ਨੰਬਰਾਂ ਤੋਂ ਇਲਾਵਾ ਕੋਈ ਵੀ ਤੁਹਾਨੂੰ ਫੋਨ ਕਰ ਕੇ ਮੇਰਾ ਨਾ ਵਰਤਦਾ ਹੈ ਤਾਂ ਇਸ ਸਬੰਧੀ ਮੈਨੂੰ ਤੁਰੰਤ ਫੋਨ ਕੀਤਾ ਜਾਵੇ।
ਵਿਰੋਧੀਆਂ ਨੇ ਚੁੱਕੇ ਸਵਾਲ : ਵਿਧਾਇਕ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ, ਲੁਧਿਆਣਾ ਤੋਂ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਸਿਆਸੀ ਤੌਰ ਉਤੇ ਇਸ ਪ੍ਰੈਸ ਕਾਨਫਰੰਸ ਦਾ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਤੋਂ ਉਹ ਆਪਣਾ ਨੰਬਰ ਦੇਕੇ ਇਹ ਦੱਸ ਰਹੇ ਨੇ ਜੇਕਰ ਕਿਸੇ ਹੋਰ ਥਾਂ ਪੈਸੇ ਚਲੇ ਗਏ ਤਾਂ ਉਹ ਸਾਡੇ ਤੱਕ ਨਹੀਂ ਪੁੱਜਣਗੇ। ਉਥੇ ਹੀ ਉਨ੍ਹਾਂ ਕਿਹਾ ਕਿ ਵਿਧਾਇਕ ਦੇ ਪੀਏ ਫੋਨ ਕਰਨ ਲਈ ਵੀ ਲੋਕਾਂ ਤੋਂ ਪੈਸੇ ਲੈਂਦੇ ਨੇ, ਜਿਸ ਦਾ ਸਬੂਤਾਂ ਸਣੇ ਉਹ ਜਲਦ ਖੁਲਾਸਾ ਕਰਨਗੇ। ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਆਗੂ ਗੁਰਕੀਰਤ ਕੋਟਲੀ ਨੇ ਕਿਹਾ ਕਿ ਇਨ੍ਹਾਂ ਦੇ ਵਿਧਾਇਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕੇ ਕੰਮ ਕਿਵੇਂ ਕਰਨਾ ਹੈ।