ਲੁਧਿਆਣਾ:ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections 2022) ਨੂੰ ਲੈ ਕੇ ਚੋਣ ਅਖਾੜਾ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਹਰ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਉਥੇ ਹੀ ਲੰਬੇ ਸਮੇਂ ਤੋਂ ਆਪਸੀ ਕਲੇਸ਼ ਨਾਲ ਉਲਝ ਰਹੀ ਪੰਜਾਬ ਦੀ ਸੱਤਾਧਿਰ ਕਾਂਗਰਸ ਪਾਰਟੀ ਵੱਲੋਂ ਵੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ।
ਜਿਸ ਤਹਿਤ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਲੁਧਿਆਣਾ ਦੌਰੇ 'ਤੇ ਰਹੇ। ਇਸ ਦੌਰਾਨ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੀਤੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ, ਇਸ ਦੌਰਾਨ ਚਰਨਜੀਤ ਚੰਨੀ (Charanjit Singh Channi) ਨੇ ਸ਼ਹੀਦ ਹੋਏ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ। ਜਿਸ ਤੋਂ ਬਾਅਦ ਉਹ ਆਟੋ ਚਾਲਕ ਯੂਨੀਅਨ ਭਾਰਤ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਉਸ ਦੇ ਹੱਲ ਦਾ ਭਰੋਸਾ ਦਿੱਤਾ।
ਦੱਸ ਦਈਏ ਕਿ ਉਥੇ ਹੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਆਟੋ ਚਾਲਕ ਯੂਨੀਅਨ ਨਾਲ ਮੁਲਾਕਾਤ ਹੋਣੀ ਸੀ। ਪਰ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਟੋ ਯੂਨੀਅਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਆਟੋ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਸਮੱਸਿਆਵਾਂ ਪੁਲਿਸ ਤੋਂ ਹੁੰਦੀ ਹੈ, ਜੋ ਉਨ੍ਹਾਂ ਦੇ ਵੱਡੇ-ਵੱਡੇ ਚਲਾਨ ਕੱਟਦੇ ਹਨ।