ਪੰਜਾਬ

punjab

ETV Bharat / state

Chappar Mela in Ludhiana: ਮਾਲਵੇ ਦੇ ਸਭ ਤੋਂ ਵੱਡੇ ਮੇਲਿਆਂ 'ਚ ਇੱਕ ਛਪਾਰ ਦੇ ਮੇਲੇ ਦਾ ਜਾਣੋ ਇਤਿਹਾਸ, ਕਿਉਂ ਨਹੀਂ ਲੱਗਦੀਆਂ ਹੁਣ ਛਪਾਰ ਮੇਲੇ 'ਤੇ ਸਿਆਸੀ ਕਾਨਫਰੰਸਾਂ, ਪੜ੍ਹੋ ਖ਼ਬਰ

ਛਪਾਰ ਦਾ ਮੇਲਾ ਪੰਜਾਬ ਦੇ ਮਾਲਵੇ ਇਲਾਕੇ 'ਚ ਮਨਾਇਆ ਜਾਣ ਵਾਲਾ ਸਭ ਤੋਂ ਪੁਰਾਣਾ ਮੇਲਾ ਹੈ। ਇਸ ਦੇ ਸਬੰਧ ਇਤਿਹਾਸ ਨਾਲ ਵੀ ਜੁੜੇ ਦੱਸੇ ਜਾਂਦੇ ਹਨ। ਇਸ ਮੇਲੇ 'ਤੇ ਸਿਆਸੀ ਲੀਡਰ ਆਪਣੀ ਰਾਜਨੀਤੀ ਚਮਕਾਉਣ ਲਈ ਕਾਨਫਰੰਸਾਂ ਵੀ ਕਰਦੇ ਸੀ, ਜੋ ਹੁਣ ਬੰਦ ਹੋ ਚੁੱਕੀਆਂ ਹਨ। (Chappar Mela in Ludhiana)

ਛਪਾਰ ਦਾ ਮੇਲਾ
ਛਪਾਰ ਦਾ ਮੇਲਾ

By ETV Bharat Punjabi Team

Published : Oct 1, 2023, 1:17 PM IST

ਪ੍ਰਬੰਧਕ ਅਤੇ ਸੰਗਤ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਸ਼ਹਿਰ ਲੁਧਿਆਣਾ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਛਪਾਰ 'ਚ ਇਹ ਮੇਲਾ ਭਾਦੋ ਮਹੀਨੇ ਦੀ ਚਾਨਣੀ 'ਚ ਲੱਗਦਾ ਹੈ। ਇਸ ਮੇਲੇ ਦੀ ਸ਼ੁਰੂਆਤ 27 ਸਤੰਬਰ ਤੋਂ ਹੁੰਦੀ ਹੈ ਅਤੇ ਇਹ ਮੇਲਾ ਪੰਜਾਬ ਦੇ ਪ੍ਰਸਿੱਧ ਮੇਲਿਆਂ 'ਚ ਵੱਖਰੀ ਪਹਿਚਾਣ ਰੱਖਦਾ ਹੈ। ਇਹ ਮੇਲਾ ਧਾਰਮਿਕ, ਸੱਭਿਆਚਾਰ ਅਤੇ ਸਿਆਸੀ ਪੱਖ ਤੋਂ ਕਾਫੀ ਮਹੱਤਤਾ ਰੱਖਦਾ ਹੈ। ਲੋਕ ਦੂਰ ਦਰਾਢੇ ਤੋਂ ਇਸ ਮੇਲੇ 'ਚ ਸ਼ਾਮਿਲ ਹੋਣ ਲਈ ਆਉਂਦੇ ਹਨ। ਮੰਨਿਆਂ ਜਾਂਦਾ ਹੈ ਕੇ ਇਸ ਮੇਲੇ 'ਚ ਗੁੱਗਾ ਮਾੜੀ 'ਤੇ ਮੱਥਾ ਟੇਕਣ ਦੇ ਨਾਲ ਹਰ ਮੁਰਾਦ ਪੂਰੀ ਹੁੰਦੀ ਹੈ। ਪਿੰਡਾਂ ਤੋਂ ਲੋਕ ਖਾਸ ਕਰਕੇ ਚੰਗੀ ਫ਼ਸਲ ਦੀ ਅਰਦਾਸ ਲਈ, ਪੁੱਤਰ ਦੀ ਦਾਤ ਲਈ ਅਤੇ ਗੁੱਗਾ ਜ਼ਾਹਰ ਪੀਰ ਦੀ ਪੂਜਾ ਕਰਨ ਆਉਂਦੇ ਹਨ ਤਾਂ ਜੋ ਉਹ ਖੁਦ ਅਤੇ ਉਨ੍ਹਾਂ ਦੇ ਪਾਲਤੂ ਪਸ਼ੂ ਸੱਪਾਂ ਦੇ ਖਤਰੇ ਤੋਂ ਦੂਰ ਰਹਿਣ। (Chappar Mela in Ludhiana) (political conferences)

ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਮੇਲੇ: ਹਾਲਾਂਕਿ ਪੰਜਾਬ ਦੇ ਮੇਲੇ ਸਾਡੇ ਸੱਭਿਆਚਾਰ ਦੀ ਝਲਕ ਪੇਸ਼ ਕਰਨ 'ਚ ਅਹਿਮ ਯੋਗਦਾਨ ਪਾਉਂਦੇ ਹਨ, ਪਰ ਅਜੋਕੇ ਸਮਿਆਂ 'ਚ ਇੰਨ੍ਹਾਂ ਮੇਲਿਆਂ 'ਚ ਵੀ ਕਾਫੀ ਤਬਦੀਲੀ ਆ ਗਈ ਹੈ। ਲੁਧਿਆਣਾ ਦੇ ਛਪਾਰ ਮੇਲੇ 'ਚ ਨੇੜੇ-ਤੇੜੇ ਦੇ ਜ਼ਿਲ੍ਹਿਆਂ ਤੋਂ ਵੱਡੀ ਤਾਦਾਦ 'ਚ ਲੋਕ ਆਉਂਦੇ ਨਤਮਸਤਕ ਹੋਣ ਲਈ ਆਉਂਦੇ ਹਨ। ਖਾਸ ਕਰਕੇ ਬਰਨਾਲਾ, ਮਲੇਰਕੋਟਲਾ, ਮੋਗਾ, ਫਿਰੋਜ਼ਪੁਰ, ਫਗਵਾੜਾ, ਜਲੰਧਰ ਇਥੋਂ ਤੱਕ ਕੇ ਫ਼ਤਹਿਗੜ੍ਹ ਸਾਹਿਬ ਤੋਂ ਵੀ ਲੋਕ ਵੱਡੀ ਗਿਣਤੀ ਚ ਆਉਂਦੇ ਹਨ।

ਛਪਾਰ ਮੇਲੇ ਦਾ ਇਤਹਾਸ: ਛਪਾਰ ਦੇ ਮੇਲੇ ਨੂੰ ਲੈਕੇ ਵੱਖ-ਵੱਖ ਇਤਿਹਾਸ ਹਨ। ਇੱਕ ਮਿੱਥ ਦੇ ਮੁਤਾਬਿਕ ਇੱਥੋਂ ਦੇ ਜੱਟ ਪਰਿਵਾਰ ਦੇ ਰਹਿਣ ਵਾਲਾ ਸਿੱਧ ਸੁਲੱਖਣ ਅਤੇ ਗੁੱਗਾ ਪੀਰ ਦੋਵੇਂ ਦੋਸਤ ਸਨ, ਜਿਸ ਕਰਕੇ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਦੂਜੀ ਮਿੱਥ ਦੇ ਮੁਤਾਬਕ ਸਿੱਧ ਸੁਲੱਖਣ ਦੀ ਮਾਤਾ ਨੇ 2 ਪੁੱਤਰਾਂ ਨੂੰ ਜਨਮ ਦਿੱਤਾ ਸੀ, ਜਿਸ 'ਚ ਇੱਕ ਸਿੱਧ ਸੁਲੱਖਣ ਅਤੇ ਦੂਜਾ ਪੁੱਤ ਦਾ ਰੂਪ ਸੱਪ ਦਾ ਸੀ, ਜਿਸ ਕਰਕੇ ਇਨ੍ਹਾਂ ਦੋਵਾਂ ਦੀ ਹੀ ਲੋਕ ਪੂਜਾ ਕਰਦੇ ਹਨ। ਮੇਲੇ ਦੇ ਸੇਵਾਦਾਰ ਨੇ ਦੱਸਿਆ ਇਹ ਮੇਲਾ ਬਹੁਤ ਪੁਰਾਣਾ ਲੱਗਦਾ ਆ ਰਿਹਾ ਹੈ। ਉਨ੍ਹਾਂ ਮੁਤਾਬਿਕ 1140 ਈਸਵੀ 'ਚ ਹੀ ਬਾਬਾ ਸਿੱਧ ਸੁਲੱਖਣ ਦੇ ਜਨਮ ਤੋਂ ਬਾਅਦ ਉਨ੍ਹਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪਿੰਡ ਦਾ ਨਾਂ ਛਾਪਾ ਰਾਣੀ ਦੇ ਨਾਂ 'ਤੇ ਪਿਆ ਸੀ, ਜਿਸ ਨੂੰ ਸੱਪਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਜਿਸ ਦੇ ਨਾਂ ਤੋਂ ਹੀ ਇਸ ਪਿੰਡ ਦਾ ਨਾਂ ਛਪਾਰ ਪਿਆ ਸੀ। ਇਸ ਪਿੰਡ 'ਚ ਪਿਛਲੇ 250 ਸਾਲ ਤੋਂ ਪਹਿਲਾਂ ਦਾ ਇਹ ਮੇਲਾ ਲੱਗਦਾ ਆ ਰਿਹਾ ਹੈ।

1140 ਈਸਵੀ 'ਚ ਛਪਾਰ ਪਿੰਡ ਨੂੰ ਵਸਾਇਆ ਸੀ ਅਤੇ 1150 ਈਸਵੀ 'ਚ ਜਰਗ ਨੂੰ ਵਸਾਇਆ ਸੀ। ਇਸ ਥਾਂ 'ਤੇ ਹਰ ਧਰਮ ਦੇ ਲੋਕ ਨਤਮਸਤਕ ਹੋਣ ਆਉਂਦੇ ਹਨ। ਇਥੇ ਨਵੇਂ ਵਿਆਹੇ ਜੋੜੇ ਚੜ੍ਹਦੇ ਹਨ ਅਤੇ ਪ੍ਰਸ਼ਾਦ 'ਚ ਦੁੱਧ ਤੇ ਸੇਵੀਆਂ ਚੜ੍ਹਦੀਆਂ ਹਨ। ਲੋਕ ਪੁੱਤਾਂ ਦੀ ਦਾਤ ਲਈ ਵੀ ਛਪਾਰ ਦੇ ਮੇਲੇ 'ਚ ਨਤਮਸਤਕ ਹੋਣ ਆਉਂਦੇ ਹਨ।-ਸ਼ਾਹ ਨਵਾਜ਼ ਖਾਨ, ਮੇਲਾ ਪ੍ਰਬੰਧਕ

ਕਿਵੇਂ ਹੁੰਦੀ ਪੂਜਾ: ਛਪਾਰ ਮੇਲੇ ਦੀ ਵੱਖ-ਵੱਖ ਧਰਮਾਂ 'ਚ ਆਪਣੀ ਵੱਖਰੀ ਮਹੱਤਤਾ ਹੈ, ਪਰ ਸਾਰੇ ਹੀ ਧਰਮਾਂ ਦੇ ਲੋਕ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਥਾਂ 'ਤੇ ਜਿਆਦਾਤਰ ਨਵੇਂ ਵਿਆਹੇ ਜੋੜੇ ਪੁੱਤਰ ਦੀ ਦਾਤ ਲੈਣ ਲਈ ਆਉਂਦੇ ਹਨ। ਗੁੱਗਾ ਮਾੜੀ ਤੋਂ ਮਿੱਟੀ ਵੀ ਕੱਢੀ ਜਾਂਦੀ ਹੈ, 7 ਵਾਰ ਮਿੱਟੀ ਕੱਢਣ ਦੇ ਨਾਲ ਇਹ ਮਾਨਤਾ ਹੈ ਕੇ ਸੱਪ ਕਿਸਾਨਾਂ ਨੂੰ ਅਤੇ ਉਨ੍ਹਾ ਦੇ ਪਸ਼ੂਆਂ ਨੂੰ ਤੰਗ ਨਹੀਂ ਕਰਦੇ। ਇਸ ਤੋਂ ਇਲਾਵਾ ਲੋਕ ਚੰਗੀ ਫਸਲ ਲਈ ਵੀ ਇਥੇ ਮੰਨਤ ਮੰਗਣ ਆਉਂਦੇ ਹਨ। ਖਾਸ ਕਰਕੇ ਮੇਲੇ 'ਚ ਕੜੀ ਚੋਲਾਂ ਦਾ ਲੰਗਰ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗਾਇਕ ਆਉਂਦੇ ਨੇ ਜੋ ਕਿ ਅਖਾੜਾ ਲਾਉਂਦੇ ਹਨ। ਇਹ ਥਾਂ ਗੱਦੀ ਨਸ਼ੀਨ ਹੈ, ਅਜੋਕੇ ਸਮੇਂ 'ਤੇ ਹੈਪੀ ਬਾਬਾ ਜੀ ਇਸ ਮਾੜੀ ਦਾ ਸਾਰਾ ਪ੍ਰਬੰਧ ਸਾਂਭਦੇ ਹਨ। ਗੁੱਗੇ ਪੀਰ ਨੂੰ ਸੱਪਾਂ ਦਾ ਦੇਵਤਾ ਕਿਹਾ ਜਾਂਦਾ ਹੈ, ਸ਼ਰਧਾਲੂ ਮਾੜੀ ’ਤੇ ਆ ਕੇ ਆਪਣੇ ਪਰਿਵਾਰ ਤੇ ਪਸ਼ੂਆਂ ਦੀ ਸੁੱਖ ਮੰਗਦੇ ਹਨ। ਸੱਤ ਵਾਰ ਮਿੱਟੀ ਕੱਢ ਕੇ ਸਲਾਮਤ ਰਹਿਣ ਦੀ ਦੁਆ ਮੰਗਦੇ ਹਨ। ਵਿਸ਼ਵਾਸ ਹੈ ਕਿ ਮਿੱਟੀ ਕੱਢਣ ਨਾਲ ਗੁੱਗੇ ਦੀ ਮਿਹਰ ਹੋ ਜਾਂਦੀ ਹੈ। ਸੱਪਾਂ ਦੇ ਕੱਟੇ ਹੋਏ ਰੋਗੀ ਇੱਥੇ ਆ ਕੇ ਇਸ ਮਿੱਟੀ ਨੂੰ ਜ਼ਖ਼ਮਾਂ ’ਤੇ ਲਗਾਉਂਦੇ ਹਨ ਤੇ ਆਸਥਾ ਰੱਖਦੇ ਹਨ ਕਿ ਉਹ ਤੰਦਰੁਸਤ ਹੋ ਜਾਣਗੇ। ਪਤਾਸਿਆਂ, ਸੇਵੀਆਂ ਤੇ ਖਿੱਲਾਂ ਦਾ ਪ੍ਰਸਾਦਿ ਗੁੱਗੇ ਨੂੰ ਭੇਂਟ ਕੀਤਾ ਜਾਂਦਾ ਹੈ।

ਸਿਆਸੀ ਕਾਨਫਰੰਸਾਂ: ਹਾਲਾਂਕਿ ਪੰਜਾਬ ਦੇ ਮੇਲੇ ਜਿੱਥੇ ਇੱਕ ਪਾਸੇ ਧਾਰਮਿਕ ਅਤੇ ਸੱਭਿਆਚਾਰਕ ਪੱਖ ਤੋਂ ਕਾਫੀ ਅਹਿਮ ਹਨ, ਉੱਥੇ ਹੀ ਦੂਜੇ ਪਾਸੇ ਇਹਨਾਂ ਮੇਲਿਆਂ ਦੇ ਵਿੱਚ ਸਿਆਸੀ ਕਾਨਫਰੰਸਾਂ ਵੀ ਲਾਈਆਂ ਜਾਂਦੀਆਂ ਰਹੀਆਂ ਹਨ। ਭਾਵੇਂ ਕਿ ਰੱਖੜ ਪੁੰਨਿਆਂ ਦਾ ਮੇਲਾ ਹੋਵੇ ਜਾਂ ਫਿਰ ਜਰਗ ਦਾ ਮੇਲਾ ਹੋਵੇ, ਹਰ ਸਿਆਸੀ ਪਾਰਟੀ ਵੱਲੋਂ ਆਪੋ ਆਪਣੀ ਵੱਖਰੀ-ਵੱਖਰੀ ਸਟੇਜ ਸਜਾ ਕੇ ਆਪਣੀ ਰਾਜਨੀਤੀ ਬਾਰੇ ਵੀ ਲੋਕਾਂ ਨੂੰ ਚਾਨਣਾ ਪਾਇਆ ਜਾਂਦਾ ਹੈ, ਪਰ ਹੁਣ ਇਹਨਾਂ ਮੇਲਿਆਂ ਦੇ ਵਿੱਚ ਸਿਆਸੀ ਕਾਨਫਰੰਸਾਂ ਲੱਗਭਗ ਬੰਦ ਹੋ ਗਾਈਆਂ ਹਨ। ਜਿਸ ਦਾ ਕਾਰਨ ਪ੍ਰਬੰਧਕਾਂ ਦੀ ਹੀ ਸਿਆਸੀ ਪਾਰਟੀਆਂ ਨੂੰ ਅਪੀਲ ਹੈ। ਸੇਵਾਦਾਰਾਂ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਲੀਡਰ ਧਾਰਮਿਕ ਥਾਵਾਂ ਦੀ ਵਰਤੋਂ ਕਰਕੇ ਆਪਣੀ ਸਿਆਸੀ ਰੋਟੀਆਂ ਸੇਕਦੇ ਸਨ, ਜਿਸ ਕਰਕੇ ਹੁਣ ਇੰਨ੍ਹਾਂ ਮੇਲਿਆਂ ਤੋਂ ਸਿਆਸੀ ਕਾਨਫਰੰਸਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਮੇਲੇ ਦੇ ਪ੍ਰਬੰਧਕਾਂ ਨੇ ਸਕਾਰਾਤਮਕ ਗੱਲ ਹੀ ਕੀਤੀ ਹੈ ਤੇ ਕਿਹਾ ਹੈ ਕਿ ਧਾਰਮਿਕ ਥਾਵਾਂ 'ਤੇ ਧਰਮ ਦੀ ਹੀ ਅਤੇ ਸੱਭਿਆਚਾਰ ਦੀ ਹੀ ਗੱਲ ਹੋਣੀ ਚਾਹੀਦੀ ਹੈ।

ਬਦਲਦੇ ਮੇਲੇ: ਹਾਲਾਂਕਿ ਸਮੇਂ ਦੇ ਨਾਲ ਪੰਜਾਬ ਦੇ ਮੇਲਿਆਂ ਦੀ ਰੂਪ ਰੇਖਾ ਵੀ ਹੁਣ ਬਦਲ ਗਈ ਹੈ। ਪਹਿਲਾਂ ਇਹ ਮੇਲੇ ਲੋਕਾਂ ਦੇ ਧਾਰਮਿਕ ਆਸਥਾ ਦੇ ਨਾਲ ਮਨੋਰੰਜਨ ਦਾ ਵੀ ਇਕਲੌਤਾ ਸ੍ਰੋਤ ਹੁੰਦੇ ਸਨ। ਖਾਸ ਕਰਕੇ ਮੇਲੇ ਜਦੋਂ ਕਿਸਾਨ ਫਸਲਾਂ ਦਾ ਮੁੱਲ ਲੈਕੇ ਆਉਂਦਾ ਸੀ ਤਾਂ ਮੇਲਿਆਂ 'ਚ ਪੁੱਜਦਾ ਸੀ, ਆਪਣੀ ਲੋੜ ਦੇ ਮੁਤਾਬਿਕ ਖਰੀਦਾਰੀ ਕਰਦੇ ਸਨ। ਪਰ ਹੁਣ ਸਮੇਂ ਦੇ ਬਦਲਣ ਨਾਲ ਨੌਜਵਾਨਾਂ ਲਈ ਸ਼ਾਪਿੰਗ ਮਾਲ ਅਤੇ ਹੋਰ ਵੀ ਕਈ ਸਾਧਨ ਮਨੋਰੰਜਨ ਲਈ ਆ ਗਏ ਹਨ ਅਤੇ ਪੁਰਾਤਨ ਮੇਲਿਆਂ ਵੱਲ ਨੌਜਵਾਨ ਪੀੜ੍ਹੀ ਦਾ ਕੁਝ ਰੁਝਾਨ ਘੱਟ ਗਿਆ ਹੈ। ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਿਹੜੇ ਪੁਰਾਣੇ ਬਜ਼ੁਰਗ ਹਨ, ਉਹ ਜਾਣਦੇ ਹਨ ਕਿ ਇਥੇ ਜੋੜੇ, ਖਿਲਾਂ, ਦੁੱਧ ਅਤੇ ਸੇਵੀਆਂ ਚੜਾਈਆਂ ਜਾਂਦੀਆਂ ਹਨ, ਜਦੋਂ ਕੇ ਹੁਣ ਲੋਕ ਆਪਣੀ ਮਰਜ਼ੀ ਨਾਲ ਕੋਈ ਕਣਕ ਲੈ ਕੇ ਆਉਂਦਾ ਹੈ ਤੇ ਕੋਈ ਲੱਡੂ ਲਿਆਉਂਦਾ ਹੈ। ਉਨ੍ਹਾਂ ਕਿਹਾ ਕੇ ਲੋਕ ਆਪਣੀ ਸਹੂਲਤ ਦੇ ਮੁਤਾਬਿਕ ਮੱਥਾ ਟੇਕਦੇ ਹਨ। ਖਾਸ ਕਰਕੇ ਨੌਜਵਾਨ ਪੀੜ੍ਹੀ ਮੇਲਾ ਵੇਖਣ ਤਾਂ ਆਉਦੀਂ ਹੈ ਪਰ ਉਨ੍ਹਾਂ ਨੂੰ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੁੰਦੀ।

ABOUT THE AUTHOR

...view details