ਲੁਧਿਆਣਾ: ਪੰਜਾਬ 'ਚ ਗਰਮੀ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਪੂਰੇ ਉੱਤਰ ਭਾਰਤ 'ਚ ਤਾਪਮਾਨ ਲਗਾਤਾਰ ਵਧ ਰਿਹਾ ਹੈ। ਜੇਕਰ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ 36 ਡਿਗਰੀ ਅਤੇ ਰਾਤ ਦਾ ਤਾਪਮਾਨ 19 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਮਾਰਚ ਦੇ ਮਹੀਨੇ 'ਚ ਮੀਂਹ ਪੈ ਰਿਹਾ ਸੀ ਜਿਸ ਕਰਕੇ ਮੌਸਮ 'ਚ ਕੁਝ ਠੰਡਕ ਜ਼ਰੂਰ ਮਹਿਸੂਸ ਹੋਈ ਸੀ ਪਰ ਅਪ੍ਰੈਲ ਦੇ ਦੂਜੇ ਹਫਤੇ ਤੋਂ ਬਾਅਦ ਹੀ ਗਰਮੀ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ।
ਪੰਜਾਬ 'ਚ ਚੜ੍ਹ ਰਿਹਾ ਹੈ ਪਾਰਾ: ਕਈ ਥਾਵਾਂ 'ਤੇ ਤਾਪਮਾਨ 38 ਤੋਂ 40 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ। ਲੁਧਿਆਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ 'ਚ 16 ਤੋਂ 17 ਅਪ੍ਰੈਲ ਤੱਕ ਹਲਕਾ ਮੀਂਹ ਹੋਣ ਦੀ ਸੰਭਾਵਨਾ ਹੈ, ਬਾਰਿਸ਼ ਕਾਰਨ ਤਾਪਮਾਨ 'ਚ ਕੁੱਝ ਕਮੀ ਆਵੇਗੀ ਪਰ ਆਉਣ ਵਾਲੇ ਸਮੇਂ 'ਚ ਦਿਨੋ-ਦਿਨ ਗਰਮੀ ਦਾ ਇਹੀ ਹਾਲ ਰਹੇਗਾ। ਮੋਸਮ ਵਿਭਾਗ ਮੁਤਾਬਿਕ ਹੁਣ ਕਿਸਾਨਾਂ ਕੋਲ ਕਣਕ ਨੂੰ ਵੱਢਣ ਦਾ ਸਹੀ ਸਮਾਂ ਹੈ ਇਸ ਨਾਲ ਕਿਸਾਨ ਆਪਣੀਆਂ ਫ਼ਸਲਾਂ ਨੂੰ ਸੰਭਾਲ ਸਕਣਗੇ। ਉਨ੍ਹਾਂ ਦੱਸਿਆ ਕਿ ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇਗੀ। ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਅਪ੍ਰੈਲ ਮਹੀਨੇ ਦੇ ਵਿੱਚ ਲਗਭਗ 38 ਡਿਗਰੀ ਦੇ ਕਰੀਬ ਚੱਲ ਰਿਹਾ ਸੀ। ਇਸ ਬਾਰ ਪਿਛਲੇ ਮਹੀਨਿਆਂ ਨਾਲੋਂ ਪਾਰਾ ਘੱਟ ਚੱਲ ਰਿਹਾ ਹੈ। ਪਿਛਲੇ ਸਾਲ ਗਰਮੀ ਜਿਆਦਾ ਸੀ ਪਰ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵੱਧ ਸਕਦੀ ਹੈ।