ਨਿੱਜੀ ਜ਼ਮੀਨ ਨੂੰ ਪੰਚਾਇਤੀ ਬਣਾਉਣ ਦੀ ਕੋਸ਼ਿਸ਼ ਦਾ ਮੁਲਜ਼ਮਾਂ ਉੱਤੇ ਇਲਜ਼ਾਮ ਲੁਧਿਆਣਾ: ਪੂਰੇ ਪੰਜਾਬ ਵਿੱਚ ਇਸ ਸਮੇਂ ਪੰਚਾਇਤ ਵਿਭਾਗ (Panchayat Department) ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਬੀਤੇ ਦਿਨੀਂ ਹਲਕਾ ਖੰਨਾ ਦੇ ਵਿਧਾਇਕ ਵੱਲੋਂ ਬੀਡੀਪੀਓ ਖਿਲਾਫ ਕਾਰਵਾਈ ਕੀਤੀ ਗਈ ਸੀ, ਜਿਸ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਲੁਧਿਆਣਾ ਦੇ ਹੀ ਹਲਕਾ ਦਾਖਾਂ ਦੇ ਆਪ ਆਗੂ ਵੱਲੋਂ ਬੀਡੀਪੀਓ ਨੂੰ ਪੈਸੇ ਲੈਂਦੇ ਰੰਗੇ ਹੱਥੀਂ ਫੜ੍ਹਨ ਵੀਡੀਓ ਬਣਾਈ ਗਈ ਸੀ, ਜਿਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੈਸੇ ਨੂੰ ਪੰਚਾਇਤੀ ਖਾਤੇ ਵਿੱਚ ਪਵਾਉਣ ਦੀ ਕੋਸ਼ਿਸ਼: ਹੁਣ ਲੁਧਿਆਣਾ ਦੇ ਪਿੰਡ ਲੀਲ ਦੀ ਮਹਿਲਾ ਸਰਪੰਚ, ਪੰਚ, ਬੀਡੀਪੀਓ ਅਤੇ ਸੰਮਤੀ ਪਟਵਾਰੀ ਬਲਾਕ ਡੇਹਲੋਂ ਉੱਤੇ ਧੋਖਾਧੜੀ ਦਾ ਮਾਮਲਾ ਥਾਣਾ ਸੁਧਾਰ ਵਿੱਚ ਦਰਜ ਕੀਤਾ ਗਿਆ ਹੈ।। ਲੀਲ ਪਿੰਡ ਦੇ ਕਿਸੇ ਵਿਅਕਤੀ ਦੀ 170 ਕਨਾਲਾਂ ਜ਼ਮੀਨ ਨੂੰ ਪੰਚਾਇਤੀ ਜ਼ਮੀਨ (Panchayat land) ਦੱਸ ਕੇ ਪੈਸਿਆਂ ਨੂੰ ਪੰਚਾਇਤੀ ਖਾਤੇ ਵਿੱਚ ਪਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਲੈ ਕੇ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ।
ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਨੇ ਪੁਲਿਸ ਨੂੰ ਸੌਂਪੀ ਸੀ ਜਾਂਚ ਰਿਪੋਰਟ:ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਨਵਦੀਪ ਕੌਰ (District Panchayat and Development Officer) ਨੇ ਦੱਸਿਆ ਕਿ ਸ਼ਿਕਾਇਤ ਕਰਤਾ ਹਰਦੀਪ ਵੱਲੋਂ ਇਹ ਕੰਪਲੇਂਟ ਕੀਤੀ ਗਈ ਸੀ ਕਿ ਉਸ ਦੀ 170 ਕਨਾਲ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੱਸ ਕੇ ਪੰਚਾਇਤੀ ਖਾਤੇ ਵਿੱਚ ਪੈਸੇ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੀ ਜਾਂਚ ਕਰਨ ਮਗਰੋਂ ਸ਼ਿਕਾਇਤ ਕਰਤਾ ਦਾ ਇਲਜ਼ਾਮ ਸੱਚ ਸਾਬਿਤ ਹੋਇਆ। ਪੰਚਾਇਤ ਅਫਸਰ ਮੁਤਾਬਿਕ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਰਿਪੋਰਟ ਪੁਲਿਸ ਨੂੰ ਸੌਂਪੀ ਗਈ ਸੀ ਅਤੇ ਹੁਣ ਥਾਣਾ ਸੁਧਾਰ ਦੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੌਜੂਦਾ ਮਹਿਲਾ ਸਰਪੰਚ, ਪੰਚ, ਬੀਡੀਪੀਓ ਅਤੇ ਸੰਮਤੀ ਪਟਵਾਰੀ ਬਲਾਕ ਢੇਲੋ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਲੁਧਿਆਣਾ ਵਿੱਚ ਬੀਡੀਪੀਓ ਉੱਤੇ ਕਾਰਵਾਈ ਹੋਣ ਦਾ ਇਹ ਕੋਈ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿੱਚ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਸ਼ੋਕ ਕੁਮਾਰ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਵਿਜੀਲੈਂਸ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਪੰਚ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਬੀਡੀਪੀਓ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਗ੍ਰਿਫ਼ਤਾਰੀ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹੋਈ।