ਲੁਧਿਆਣਾ:ਪੰਜਾਬ ਦੀਆਂ ਵਿਧਾਨ ਸਭਾ ਚੋਣਾਂ (Punjab Assembly Elections ) ਤੋਂ ਪਹਿਲਾਂ ਦਲਬਦਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਕਾਂਗਰਸ ਦੇ ਮੌਜੂਦਾ ਵਿਧਾਇਕ ਜਿੱਥੇ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਵੀ ਪਾਰਟੀ ਛੱਡ ਕੇ ਕਾਂਗਰਸ ਚ ਸ਼ਾਮਿਲ ਹੋ ਚੁੱਕੇ ਹਨ। ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਬੋਰਡਾਂ ਤੋਂ ਕਾਂਗਰਸ ਦੇ ਨਿਸ਼ਾਨ ਜਾਂ ਕਾਂਗਰਸ ਦੇ ਵੱਡੇ ਮੰਤਰੀ ਹੁਣ ਗਾਇਬ ਹੋ ਚੁੱਕੇ ਹਨ।ਭਾਜਪਾ ਦੀ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨੇ ਇਹ ਸਵਾਲ ਵੀ ਖੜੇੇ ਕੀਤੇ ਜਿਸ ਤੋਂ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੋਲਮੋਲ ਜਵਾਬ ਦਿੰਦੇ ਵਿਖਾਈ ਦਿੱਤੇ।
ਕੀ ਭਾਜਪਾ 'ਚ ਸ਼ਾਮਲ ਹੋਣਗੇ ਭਾਰਤ ਭੂਸ਼ਣ ਆਸ਼ੂ ?
ਸ਼੍ਰੋਮਣੀ ਅਕਾਲੀ ਦਲ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਅਤੇ ਵਫ਼ਾਦਾਰ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਅਤੇ ਪੰਜਾਬ ਤੋਂ ਦੋ ਕਾਂਗਰਸ ਦੇ ਸਿਟਿੰਗ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਸਿਆਸੀ ਮਾਹਰਾਂ ਵੱਲੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਭਾਰਤ ਭੂਸ਼ਣ ਆਸ਼ੂ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਇਸ ਪਿੱਛੇ ਭਾਰਤ ਭੂਸ਼ਣ ਆਸ਼ੂ ਵੱਲੋਂ ਹਾਲ ਹੀ ਵਿੱਚ ਕਾਂਗਰਸ ਦੇ ਚੋਣ ਨਿਸ਼ਾਨ ਵਾਲੀ ਪ੍ਰੋਫਾਈਲ ਪਿਕ ਹਟਾ ਕੇ ਫੇਸਬੁੱਕ ਤੇ ਆਪਣੀ ਪ੍ਰੋਫਾਈਲ ਪਿਕ ਲਾ ਦਿੱਤੀ ਗਈ ਹੈ। ਇੱਥੋਂ ਤੱਕ ਕਿ ਸ਼ਹਿਰ ਵਿਚ ਲੱਗੇ ਹੋਰਡਿੰਗਜ਼ ਤੋਂ ਕਾਂਗਰਸ ਦਾ ਚੋਣ ਨਿਸ਼ਾਨ ਵੀ ਗੁੱਲ ਹੋ ਚੁੱਕਾ ਹੈ।
ਅਕਾਲੀ ਦਲ ਨੇ ਕੀ ਕਿਹਾ?
ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਬੋਹੜਾਂ ਚੋਂ ਕਾਂਗਰਸ ਦਾ ਚੋਣ ਨਿਸ਼ਾਨ ਗਾਇਬ ਹੋਣਾ ਦੋ ਗੱਲਾਂ ਦਾ ਸੰਕੇਤ ਦਿੰਦਾ ਹੈ ਜਾਂ ਤਾਂ ਭਾਰਤ ਭੂਸ਼ਣ ਆਸ਼ੂ ਆਪਣੇ ਆਪ ਨੂੰ ਹੁਣ ਪਾਰਟੀ ਤੋਂ ਵੀ ਉੱਪਰ ਸਮਝਣ ਲੱਗੇ ਹਨ ਅਤੇ ਜਾਂ ਫਿਰ ਉਹ ਹੁਣ ਕਿਤੇ ਹੋਰ ਜਾ ਸਕਦੇ ਹਨ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਦਾਲ ਵਿੱਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
'ਆਪ' ਨੇ ਕੀ ਕਿਹਾ ?
ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਕਿਸੇ ਵੀ ਆਗੂ ਦਾ ਕਿਸੇ ਵੀ ਪਾਰਟੀ ਦੇ ਵਿੱਚ ਜਾਣਾ ਉਸ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਪਰ ਜਿਵੇਂ ਕਾਂਗਰਸ ਦੇ ਬੀਤੇ ਦਿਨੀਂ ਮੌਜੂਦਾ ਐਮ ਐਲ ਏ ਪਾਰਟੀ ਛੱਡ ਕੇ ਭਾਜਪਾ ਚ ਸ਼ਾਮਲ ਹੋਏ। ਇਸ ਤੋਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਈ ਵੱਡੇ ਚਿਹਰੇ ਵੀ ਭਾਜਪਾ ਚ ਸ਼ਾਮਲ ਹੋ ਸਕਦੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਕਹਿ ਰਹੀ ਹੈ ਕਿ ਕਾਂਗਰਸ ਵਿਚਾਲੇ ਖਾਨਾਜੰਗੀ ਦਾ ਨਤੀਜਾ ਇਹੀ ਨਿਕਲਣ ਵਾਲਾ ਹੈ ਕਿ ਘੱਟੋ ਘੱਟ 50 ਮੌਜੂਦਾ ਐਮ ਐਲ ਏ ਜਾਂ ਤਾਂ ਭਾਜਪਾ ਚ ਜਾਣਗੇ ਜਾਂ ਫਿਰ ਆਮ ਆਦਮੀ ਪਾਰਟੀ ਵਿੱਚ।