ਲੁਧਿਆਣਾ: ਪੰਜਾਬ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਨਾਲ ਹੀ ਕਿਸੇ ਨਾ ਕਿਸੇ ਮੁੱਦੇ 'ਤੇ ਸਿਆਸਤ ਭਖਦੀ ਜਾ ਰਹੀ ਹੈ। ਇਸ ਤਹਿਤ ਹੀ ਮੁੱਲਾਂਪੁਰ ਦਾਖਾਂ ਵਿੱਚ ਬੁੱਢਾ ਨਾਲ ਇੱਕ ਵਾਰ ਫਿਰ ਵੱਡਾ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਹੈ। ਮੁੱਲਾਂਪੁਰ ਦਾਖਾਂ ਦਾ ਵੱਡਾ ਇਲਾਕਾ ਗੰਦੇ ਨਾਲ਼ੇ ਨਾਲ ਲੱਗਦਾ ਹੈ ਤੇ ਇਥੋਂ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ।
ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਉਮੀਦਵਾਰਾਂ ਵਲੋਂ ਮੁੜ ਬੁੱਢੇ ਨਾਲੇ ਨੂੰ ਲੈ ਕੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਵੋਟਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੀ ਸਾਰ ਲੈਣ ਕੋਈ ਨਹੀਂ ਆਉਂਦਾ। ਇਸ ਦੇ ਨਾਲ ਹੀ ਪਿੰਡ ਵਲੀਪੁਰ ਵਿੱਚ ਪੋਸਟਰ ਤਾਂ ਹਰ ਉਮੀਦਵਾਰ ਦੇ ਲੱਗੇ ਹੋਏ ਹਨ ਪਰ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਵਾਰ ਜੋ ਉਨ੍ਹਾਂ ਦੇ ਪਿੰਡ ਤੇ ਘਰ ਦਾ ਪਾਣੀ ਪੀਵੇਗਾ ਉਹ ਉਸ ਨੂੰ ਹੀ ਵੋਟ ਪਾਉਣਗੇ। ਕਿਉਂਕਿ ਪਾਣੀ ਇੰਨ੍ਹਾ ਗੰਦਾ ਹੈ ਕਿ ਪਿੰਡ ਵਿੱਚ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ।