ਲੁਧਿਆਣਾ: ਪੰਜਾਬ ਦੀਆਂ 4 ਸੀਟਾਂ ਉੱਤੇ ਚੋਣਾਂ ਮੁਕੰਮਲ ਹੋ ਗਈਆਂ ਹਨ ਜਿਸ ਵਿੱਚ ਮੁੱਲਾਂਪੁਰ ਦਾਖਾ, ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਸ਼ਾਮਲ ਹਨ। ਹਲਕਾ ਮੁੱਲਾਂਪੁਰ ਦਾਖਾ ਤੋਂ ਚੋਣਾਂ ਦੌਰਾਨ ਹੁਣ ਤੱਕ ਝੜਪ ਦੇ 2 ਮਾਮਲੇ ਸਾਹਮਣੇ ਆ ਗਏ ਹਨ।
ਮੁੱਲਾਂਪੁਰ ਦਾਖਾ ਵਿੱਚ ਵੋਟਿੰਗ ਦੌਰਾਨ ਹੋਇਆ ਹੰਗਾਮਾ ਪਹਿਲੀ ਝੜਪ ਮੁੱਲਾਂਪੁਰ ਦਾਖਾ ਵਿੱਚ ਪੈਂਦੇ ਪਿੰਡ ਗੋਰਸੀਆਂ ਕਾਦਰ-ਬਖ਼ਸ਼ ਵਿੱਚ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਹੋਈ ਅਤੇ ਦੂਜੀ ਹੁਣ ਮੁੱਲਾਂਪੁਰ ਦਾਖਾ ਦੇ ਬੂਥ ਨੰਬਰ 168, 69, 70 ਉੱਤੇ ਹੋਈ ਹੈ। ਦਰਅਸਲ ਬੂਥ ਉੱਤੇ ਅਕਾਲੀ ਦਲ ਦੇ ਬੂਥ ਏਜੰਟ ਨੇ ਪੁਲਿਸ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ।
ਅਕਾਲੀ ਦਲ ਦੇ ਏਜੰਟ ਨੇ ਕਿਹਾ ਕਿ ਉਸ ਨੂੰ ਚੋਣ ਅਧਿਕਾਰੀਆਂ ਵੱਲੋਂ ਸਾਰੇ ਦਸਤਾਵੇਜ਼ ਮੁਹੱਈਆ ਕਰਵਾਏ ਗਏ ਸਨ। ਉਸ ਕੋਲ ਬਕਾਇਦਾ ਕਾਰਡ ਹਨ ਪਰ ਜਦੋਂ ਰੋਟੀ ਖਾਣ ਤੋਂ ਬਾਅਦ ਉਹ ਵਾਪਸ ਬੂਥ ਪਰਤੇ ਤਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਤੇ ਪੁਲਿਸ ਧੱਕਾ ਕਰ ਰਹੀ ਹੈ।
ਦੂਜੇ ਪਾਸੇ ਮੌਕੇ ਉੱਤੇ ਖੜ੍ਹੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਦਬਾਉਂਦਿਆਂ ਕਿਹਾ ਕਿ ਇੱਥੇ ਕੁਝ ਵੀ ਨਹੀਂ ਹੋਇਆ ਪਰ ਜਦੋਂ ਉਨ੍ਹਾਂ ਨੂੰ ਫੋਰਸ ਵੱਡੀ ਤਦਾਦ ਵਿੱਚ ਆਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬੂਥ ਏਜੰਟ ਬਦਲਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਉੱਤੇ ਚਾਰ ਵਜੇ ਤੋਂ ਬਾਅਦ ਕੋਈ ਵੀ ਬੂਥ ਏਜੰਟ ਬਦਲਿਆ ਨਹੀਂ ਜਾਵੇਗਾ।