ਲੁਧਿਆਣਾ:ਸਟੀਲ ਅਤੇ ਪਲਾਸਟਿਕ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦਾ ਅਸਰ ਲੁਧਿਆਣਾ ਦੀ ਸਾਇਕਲ ਇੰਡਸਟਰੀ ‘ਤੇ ਪਿਆ ਹੈ। ਸਾਇਕਲ ਦੀਆਂ ਕੀਮਤਾਂ ‘ਚ ਵੱਡਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਆਮ ਸਾਇਕਲ ਜਿਸ ਨੂੰ ਕਾਲਾ ਸਾਈਕਲ ਵੀ ਕਿਹਾ ਜਾਂਦਾ ਹੈ ਉਸ ਦੀ ਕੀਮਤ ਹੁਣ 5000 ਰੁਪਏ ਪਹੁੰਚ ਗਈ ਹੈ ਜੋ ਕਿ ਪਹਿਲਾਂ 3500 ਰੁਪਏ ਦੇ ਕਰੀਬ ਸੀ।
3500 ਵਾਲਾ ਸਾਇਕਲ 5000 ਦਾ ਹੋਇਆ
ਸਾਇਕਲ ਦੀ ਕੀਮਤ ਦੇ ਵਿੱਚ ਲਗਪਗ 30 ਤੋਂ ਲੈ ਕੇ 40 ਫ਼ੀਸਦੀ ਦਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਸਾਇਕਲ ਮਾਰਕੀਟ ਵਿੱਚ ਖਰੀਦ ਹੋਣੀ ਵੀ ਘੱਟ ਹੋ ਗਈ ਹੈ।ਕਾਰੋਬਾਰੀਆਂ ਦੇ ਨਾਲ ਡੀਲਰ ਵੀ ਪ੍ਰੇਸ਼ਾਨ ਹਨ ਕਿਉਂਕਿ ਸਾਇਕਲ ਦੀਆਂ ਕੀਮਤਾਂ ‘ਚ ਉਛਾਲ ਆਉਣ ਕਰ ਕੇ ਡਿਮਾਂਡ ਵੀ ਘੱਟ ਗਈ ਹੈ।
30 ਤੋਂ 40 ਫੀਸਦੀ ਦਾ ਵਾਧਾ
ਲੁਧਿਆਣਾ ਦੀ ਗਿੱਲ ਰੋਡ ‘ਤੇ ਸਥਿਤ ਸਾਇਕਲ ਮਾਰਕੀਟ ਵਿੱਚ ਦੁਕਾਨਦਾਰਾਂ ਨੇ ਕਿਹਾ ਕਿ ਹਾਲਾਤ ਜਿਹੜੇ ਨੇ ਉਹ ਕੁਝ ਖਾਸ ਚੰਗੇ ਨਹੀਂ ਰਹੇ ਕਿਉਂਕਿ ਸਾਇਕਲ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਲਗਾਤਾਰ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਹਨ ਅਤੇ ਸਾਇਕਲ ਦੀਆਂ ਕੀਮਤਾਂ ਲਗਾਤਾਰ ਵਧਣ ਕਾਰਨ ਹੁਣ ਮਾਰਕੀਟ ਵਿਚ ਸਾਇਕਲ ਦੀ ਡਿਮਾਂਡ ਵੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਜੋ ਸਾਇਕਲ 3500 ਦਾ ਸੀ ਉਹ ਹੁਣ ਪੰਜ ਹਜ਼ਾਰ ਦਾ ਹੋ ਗਿਆ ਹੈ।