ਏ.ਡੀ.ਸੀ.ਪੀ ਸ਼ੁਭਮ ਅਗਰਵਾਲ ਨੇ ਦਿੱਤੀ ਜਾਣਕਾਰੀ ਲੁਧਿਆਣਾ:ਲੁਧਿਆਣਾ ਦੇ ਵਿੱਚ ਲਗਾਤਾਰ ਲੁੱਟ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਜਾਫਾ ਹੋ ਰਿਹਾ ਹੈ, ਤਾਜ਼ਾ ਮਾਮਲਾ ਲੁਧਿਆਣਾ ਦੇ ਕਿਚਨੂ ਨਗਰ ਤੋਂ ਆਇਆ ਹੈ, ਜਿੱਥੇ ਇੱਕ ਕਾਰੋਬਾਰੀ ਕੋਲੋਂ 2 ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਅਤੇ ਉਸ ਕੋਲੋਂ ਪੈਸਿਆਂ ਦਾ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ, ਜਿਸ ਦੇ ਵਿੱਚ ਲਗਭਗ 6 ਲੱਖ ਰੁਪਏ ਸਨ। ਮੁਲਜ਼ਮਾਂ ਵੱਲੋਂ ਕਾਰੋਬਾਰੀ ਉੱਤੇ ਹਮਲਾ ਵੀ ਕੀਤਾ ਗਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ ਹੈ।
ਕਾਰੋਬਾਰੀ ਦੀ ਪਹਿਚਾਣ ਸੌਰਵ ਅਗਰਵਾਲ ਵਜੋਂ:ਦੱਸ ਦਈਏ ਕਿ ਕਾਰੋਬਾਰੀ ਗਿੱਲ ਰੋਡ ਤੋਂ ਆਪਣੀ ਫੈਕਟਰੀ ਤੋਂ ਵਾਪਸ ਕਿਚਲੂ ਨਗਰ ਘਰ ਆ ਰਿਹਾ ਸੀ, ਉਸ ਦੇ ਘਰ ਤੋਂ ਕੁਝ ਹੀ ਦੂਰੀ ਉੱਤੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਕਾਰੋਬਾਰੀ ਦੀ ਪਹਿਚਾਣ ਸੌਰਵ ਅਗਰਵਾਲ ਵਜੋਂ ਹੋਈ ਹੈ, ਜੋ ਕਿ ਐਲੂਮੀਨੀਅਮ ਦੀ ਫੈਕਟਰੀ ਚਲਾਉਂਦਾ ਹੈ। ਫਿਲਹਾਲ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁੱਟਮਾਰ ਦੇ ਦੌਰਾਨ ਕਾਰੋਬਾਰੀ ਨੂੰ ਕਾਫੀ ਸੱਟਾਂ ਲੱਗੀਆਂ ਹਨ।
ਮੌਕੇ ਵਾਰਦਾਤ 'ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਫਸਰ:ਇਹ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਮੌਕੇ ਉੱਤੇ ਪੁਲਿਸ ਦੇ ਸੀਨੀਅਰ ਅਫਸਰ ਵੀ ਪਹੁੰਚੇ, ਜਿਨਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਪੁਲਿਸ ਵਲੋਂ ਕਾਰੋਬਾਰੀ ਦੀ ਕਾਰ ਨੂੰ ਟਰੇਸ ਕੀਤਾ ਜਾ ਰਿਹਾ ਹੈ।
ਪੁਲਿਸ ਵੱਲੋਂ ਜਾਂਚ ਜਾਰੀ: ਇਸ ਸਬੰਧੀ ਏ.ਡੀ.ਸੀ.ਪੀ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਾਨੂੰ ਕਾਰੋਬਾਰੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਮੋਟਰਸਾਈਕਲ ਸਵਾਰ 2 ਮੈਂਬਰ ਸਨ, ਜਿਨਾਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਕਾਰੋਬਾਰੀ ਦੀ ਫਿਲਹਾਲ ਹਾਲਤ ਖਤਰੇ ਤੋਂ ਬਾਹਰ ਹੈ।