ਲੁਧਿਆਣਾ: ਸ਼ਹਿਰ ਵਿੱਚ ਸਥਿਤ 'ਬੁੱਢਾ ਨਾਲਾ' ਗੰਦਗੀ ਕਰਕੇ ਕਾਫ਼ੀ ਸੁਰਖੀਆਂ 'ਚ ਹੈ ਜਿਸ ਨੇ ਪਿੰਡ ਬਲੀਪੁਰ, ਘਮਣੇਵਾਲ ਅਤੇ ਗੋਸਪੁਰਾ ਦੇ ਲੋਕਾਂ 'ਚ ਕਹਿਰ ਮਚਾਇਆ ਹੋਇਆ ਹੈ। ਇਸ ਦੇ ਨਾਲ ਹੀ ਗੰਦਗੀ ਕਾਰਣ ਪਿੰਡ ਦੇ ਦਰਜਨਾਂ ਤੋਂ ਵੱਧ ਲੋਕਾਂ ਦੀ ਕਾਲੇ ਪੀਲੀਆ ਦੀ ਬਿਮਾਰੀ ਕਰਕੇ ਜਾਨ ਚਲੀ ਗਈ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਨੂੰ ਉਨ੍ਹਾਂ ਨੂੰ ਇਸ ਨਰਕ 'ਚੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਜਦੋਂ ਪਿੰਡ ਦੇ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬੁੱਢਾ ਨਾਲਾ ਦੀ ਗੰਦਗੀ ਕਰਕੇ ਤੇ ਕਾਲਾ ਪੀਲੀਆ ਦੀ ਬਿਮਾਰੀ ਫ਼ੈਲਣ ਕਰਕੇ ਪਿੰਡ 'ਚ ਨਾ ਤਾਂ ਕੋਈ ਕੁੜੀ ਵਿਆਹੁੰਦਾ ਹੈ, ਤੇ ਨਾ ਹੀ ਪਿੰਡ ਤੋਂ ਕੋਈ ਕੁੜੀ ਵਿਆਹ ਕੇ ਲੈ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਦੇ ਕਈ ਲੋਕਾਂ ਦੀ ਮੌਤ ਹੋ ਗਈ ਹੈ।