ਲੁਧਿਆਣਾ: ਜ਼ਿਲ੍ਹੇ 'ਚ ਦੋ ਘੰਟੇ ਲਗਾਤਾਰ ਮੀਂਹ ਪੈਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ 'ਚ ਬੁੱਢੇ ਨਾਲੇ ਦੇ ਨਾਲ ਲੱਗਦੇ ਨਿਊ ਕੁੰਦਨਪੁਰੀ ਗੋਬਿੰਦਪੁਰਾ ਅਤੇ ਕੁੰਦਨਪੁਰੀ ਇਲਾਕੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਇਸ ਕਦਰ ਕਹਿਰ ਮਚਾ ਰਿਹਾ ਹੈ ਕਿ ਲੋਕਾਂ ਨੂੰ ਘਰ ਵਿੱਚ ਰਹਿਣਾ ਅਤੇ ਘਰ ਤੋਂ ਬਾਹਰ ਜਾਣਾ ਔਖਾ ਹੋ ਰਿਹਾ ਹੈ। ਲੁਧਿਆਣਾ 'ਚ ਲਗਾਤਾਰ ਪਏ ਮੀਂਹ ਦੇ ਕਾਰਨ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਇਲਾਕੇ ਦਾ ਜਾਇਜ਼ਾ ਲਿਆ ਤਾਂ ਦੇਖਿਆ ਕਿ ਪਾਣੀ ਤੋਂ ਪਰੇਸ਼ਾਨ ਇਲਾਕੇ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹਨ ਨੂੰ ਮਜਬੂਰ ਸਨ। ਲੋਕਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਇਸੇ ਤਰ੍ਹਾਂ ਹੀ ਲੋਕਾਂ ਦੇ ਘਰਾਂ 'ਚ ਪਾਣੀ ਭਰਦਾ ਹੈ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਜੈਪ੍ਰਕਾਸ਼ ਨਗਰ ਨਿਗਮ ਦੇ ਕੌਂਸਲਰ ਹਨ ਪਰ ਉਨ੍ਹਾਂ ਨੇ ਵੀ ਕਦੇ ਲੋਕਾਂ ਦੀ ਮੁਸ਼ਕਲਾਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।