ਪਰਿਵਾਰ ਤੇ ਪੁਲਿਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ:ਇਥੋਂ ਦੇ ਬਾੜੇਵਾਲ ਇਲਾਕੇ 'ਚ ਇੱਕ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਮਣੇ ਆਈ ਹੈ। ਜਿੱਥੇ ਇੱਕ ਚਚੇਰੇ ਭਰਾ ਵੱਲੋਂ ਨਾਬਾਲਿਗ ਭੈਣ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਮੁਲਜ਼ਮ ਵੱਲੋਂ ਲੜਕੀ 'ਤੇ ਕੁਹਾੜੇ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਵੀ ਚਾਕੂ ਮਾਰ ਲਿਆ, ਜਿਸ ਕਾਰਨ ਉਹ ਵੀ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਿਆ।
ਦੋਵੇਂ ਹਸਪਤਾਲ 'ਚ ਜੇਰੇ ਇਲਾਜ:ਲੜਕੀ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਲੜਕੇ ਨੂੰ ਲੁਧਿਆਣੇ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਸੀ, ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚਚੇਰੇ ਭਰਾ ਨੇ ਹੀ ਕੀਤੀ ਵਾਰਦਾਤ: ਲੜਕੀ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ਵਿੱਚ ਮੌਜੂਦ ਨਹੀਂ ਸਨ। ਉਹਨਾਂ ਨੇ ਦੱਸਿਆ ਕਿ ਭੈਣ ਅਤੇ ਭਰਾ ਦੀ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਲੜਕੀ ਦੀ ਉਮਰ ਮਹਿਜ਼ 11 ਸਾਲ ਦੇ ਕਰੀਬ ਹੈ ਅਤੇ ਉਸ ਦਾ ਨਾਂਅ ਸੰਧਿਆ ਹੈ, ਜੋ ਰਾਮ ਕੁਮਾਰ ਦੀ ਧੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਛੱਟੀ ਬੱਚੀ 'ਤੇ ਇਹ ਹਮਲਾ ਕੀਤਾ ਗਿਆ ਹੈ ਤੇ ਜਿਸ ਨੇ ਹਮਲਾ ਕੀਤਾ ਹੈ ਉਹ ਵੀ ਰਾਮ ਕੁਮਾਰ ਦੇ ਭਰਾ ਦਾ ਲੜਕਾ ਰਕੇਸ਼ ਕੁਮਾਰ ਹੈ, ਜੋ ਕਿ ਲੜਕੀ ਦੇ ਸਗੇ ਚਾਚੇ ਦਾ ਬੇਟਾ ਹੈ।
ਵਾਰਦਾਤ ਦੇ ਕਾਰਨਾਂ ਦਾ ਨਹੀਂ ਲੱਗਾ ਪਤਾ: ਪਰਿਵਾਰ ਨੇ ਦੱਸਿਆ ਕਿ ਉਸ ਨੇ ਲੜਕੀ ਦੇ ਸਿਰ 'ਤੇ ਕੁਹਾੜੀ ਮਾਰ ਕੇ ਉਸ ਨੂੰ ਗੰਭਰਿ ਜ਼ਖ਼ਮੀ ਕੀਤਾ ਹੈ। ਹਮਲੇ ਤੋਂ ਬਾਅਦ ਲੜਕੇ ਵਲੋਂ ਆਪਣੇ ਆਪ ਨੂੰ ਵੀ ਚਾਕੂ ਮਾਰ ਲਿਆ ਗਿਆ। ਹਾਲਾਂਕਿ ਅਜਿਹਾ ਕਿਉਂ ਕੀਤਾ ਇਸ ਬਾਰੇ ਫ਼ਿਲਹਾਲ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ। ਜਿਸ ਕਾਰਨ ਦੋਵੇਂ ਹੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ 'ਚ ਜੇਰੇ ਇਲਾਜ ਹਨ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ: ਉਧਰ ਇਸ ਸਬੰਧੀ ਚੌਂਕੀ ਇੰਚਾਰਜ ਰਘੂਨਾਥ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਲੜਕੀ ਜ਼ਖ਼ਮੀ ਹਾਲਤ ਵਿੱਚ ਹਾਲੇ ਨਿੱਜੀ ਹਸਪਤਾਲ 'ਚ ਦਾਖਲ ਹੈ ਅਤੇ ਫਿਲਹਾਲ ਬਿਆਨ ਦੇਣ ਦੇ ਕਾਬਲ ਨਹੀਂ ਹੈ ਪਰ ਲੜਕੀ ਦੇ ਬਿਆਨ ਹੋਣ ਤੋਂ ਬਾਅਦ ਹੀ ਮਾਮਲਾ ਸਾਫ ਹੋ ਸਕੇਗਾ ਅਤੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਤਾਬਿਕ ਘਰ ਚੋਂ ਕੁਝ ਕੱਪੜੇ ਵੀ ਬਰਾਮਦ ਹੋਏ ਹਨ ਜੋਕਿ ਸੜੇ ਹੋਏ ਹਾਲਤ ਦੇ ਵਿੱਚ ਸਨ, ਪਰ ਇਹ ਵਾਰਦਾਤ ਤੋਂ ਪਹਿਲਾਂ ਦੇ ਹਨ ਜਾਂ ਬਾਅਦ ਦੇ ਇਸ ਬਾਰੇ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ।