ਲੁਧਿਆਣਾ : ਪੰਜਾਬ ਵਿੱਚ ਗਰਮੀ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਦੇ ਵਿੱਚ ਰਾਤ ਦਾ ਪਾਰਾ 30 ਡਿਗਰੀ ਤੋਂ ਪਾਰ ਪਹੁੰਚ ਗਿਆ ਜੋ ਕਿ 25 ਡਿਗਰੀ ਦੇ ਨੇੜੇ-ਤੇੜੇ ਰਹਿਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ 2005 ਦੇ ਕਰੀਬ ਅਜਿਹਾ ਮੌਸਮ ਰਿਹਾ ਸੀ। ਪਰ ਲੋਕਾਂ ਨੂੰ ਜਲਦ ਹੀ ਇਸ ਤੋਂ ਰਾਹਤ ਮਿਲੇਗੀ ਕੱਲ੍ਹ ਤੋਂ ਪੰਜਾਬ ਭਰ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ,ਜੋ ਆਉਣ ਵਾਲੇ ਦੋ-ਤਿੰਨਾਂ ਦਿਨਾਂ ਤੱਕ ਖੁੱਲ੍ਹ ਕੇ ਵਰਸੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਲਗਾਤਾਰ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ ਪਰ ਹੁਣ ਕੱਲ੍ਹ ਤੋਂ ਲੋਕਾਂ ਨੂੰ ਬਾਰਿਸ਼ ਨਾਲ ਕੁਝ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਰਾਤ ਅਤੇ ਦਿਨ ਦੇ ਭਾਰਤ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਰਿਹਾ ਸੀ ,ਜਿਸ ਕਰਕੇ ਲੋਕਾਂ ਨੂੰ ਵੱਧ ਗਰਮੀ ਮਹਿਸੂਸ ਹੋ ਰਹੀ ਸੀ।