ਲੁਧਿਆਣਾ: ਸੂਬੇ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ। ਅੱਜ ਲੁਧਿਆਣਾ-ਜਲੰਧਰ ਬਾਈਪਾਸ ਵਿਖੇ ਵੀ ਭਾਜਪਾ ਆਗੂਆਂ ਵੱਲੋੋਂ ਸਰਕਾਰ ਵੱਰੁੱਧ ਰੋਸ ਮੁਜ਼ਾਹਰਾ ਕੱਢਿਆ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਧਰਨੇ ਦੌਰਾਨ ਵੱਡੀ ਗਿਣਤੀ 'ਚ ਭਾਜਪਾ ਵਰਕਰ ਅਤੇ ਆਗੂ ਇੱਕਠੇ ਹੋਏ। ਭਾਜਪਾ ਵੱਲੋਂ ਸੂਬੇ ਦੇ ਸਾਰੇ ਹਲਕਿਆਂ 'ਚ ਹੀ ਰੋਸ ਰੈਲੀ ਕੱਢੀ ਗਈ।
ਜਾਣਕਾਰੀ ਦਿੰਦਿਆਂ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਸੂਬੇ ਦੇ ਸਾਰੇ ਵਿਧਾਨਸਭਾ ਹਲਕਿਆਂ 'ਚ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਵੀਨ ਬਾਂਸਲ ਨੇ ਕਿਹਾ ਕਿ ਇਹ ਰੋਸ ਮੁਜ਼ਾਹਰਾ ਸੁੱਤੀ ਪਈ ਕੈਪਟਨ ਸਰਕਾਰ ਨੂੰ ਜਗਾਉਣ ਲਈ ਕੱਢਿਆ ਜਾ ਰਿਹਾ ਹੈ ਤਾਂ ਜੋ ਸਰਕਾਰ ਸ਼ਰਾਬ ਮਾਫੀਆ ਵਿਰੁੱਧ ਜਾਂਚ ਕਰ ਸਖ਼ਤ ਕਦਮ ਚੁੱਕੇ। ਉਨ੍ਹਾਂ ਕੈਪਟਨ ਸਰਕਾਰ 'ਤੇ ਦੋਸ਼ ਲਾਇਆ ਕਿ ਸਰਾਕਰ ਦੋਸ਼ੀਆਂ ਦਾ ਲਗਾਤਾਰ ਬਚਾਅ ਕਰ ਰਹੀ ਹੈ। ਪ੍ਰਵੀਨ ਬਾਂਸਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਵੀ ਮੰਗ ਕੀਤੀ ਹੈ।