ਲੁਧਿਆਣਾ: ਸੂਬੇ ਭਰ ਦੇ ਵਿੱਚ ਭਾਜਪਾ ਮਹਿਲਾ ਮੋਰਚਾ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾਲ ਹੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦੇ ਲੁਧਿਆਣਾ ਮਹਿਲਾ ਭਾਜਪਾ ਮੋਰਚਾ ਵੱਲੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਦੀ ਅਗਵਾਈ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਜਪਾ ਮਹਿਲਾ ਵਰਕਰਾਂ ਵੱਲੋਂ ਆਪਣੀਆਂ ਚੂੜੀਆਂ ਲਾਹ ਕੇ ਮੰਤਰੀ ਆਸ਼ੂ ਦੇ ਘਰ ਸੁੱਟੀਆਂ ਗਈਆਂ ਜਿਸ ਤੋਂ ਬਾਅਦ ਮੰਤਰੀ ਆਸ਼ੂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਨੇ ਇਸ ਦਾ ਵਿਰੋਧ ਕੀਤਾ ਅਤੇ ਬਾਹਰ ਆ ਕੇ ਉਨ੍ਹਾਂ ਦੀ ਭਾਜਪਾ ਵਰਕਰਾਂ ਨਾਲ ਤਿੱਖੀ ਬਹਿਸ ਸ਼ੁਰੂ ਹੋ ਗਈ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਕਿਹਾ ਕਿ ਮਮਤਾ ਆਸ਼ੂ ਸਾਡਾ ਵਿਰੋਧ ਕਰ ਰਹੀ ਹੈ ਪਰ ਉਨ੍ਹਾਂ ਨੂੰ ਉਨ੍ਹਾਂ ਧੀਆਂ ਵੱਲ ਦੇਖਣਾ ਚਾਹੀਦਾ ਹੈ ਜਿਨ੍ਹਾਂ ਦਾ ਬਲਾਤਕਾਰ ਹੋ ਰਿਹਾ ਹੈ। ਉਨ੍ਹਾਂ ਦੇ ਖਿਲਾਫ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਜਿਸ ਲਈ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।