ਲੁਧਿਆਣਾ: ਪੰਜਾਬ ਦੇ ਵਿੱਚ ਵੋਟਿੰਗ ਨੂੰ ਲੈ ਕੇ ਥੋੜ੍ਹਾ ਹੀ ਸਮਾਂ ਬਾਕੀ ਰਹਿ ਗਿਆ ਹੈ, ਤੇ ਹੁਣ ਸਟਾਰ ਪ੍ਰਚਾਰਕ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ 'ਚ ਪੂਰੀ ਤਰ੍ਹਾਂ ਡੱਟੇ ਹੋਏ ਹਨ। ਇਸੇ ਲੜੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਕਾਂਗਰਸ 'ਤੇ ਜੰਮ ਕੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਗਾਂਧੀ ਪਰਿਵਾਰ ਨੇ ਸਿਰਫ਼ ਦੇਸ਼ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬੇਅਦਬੀਆਂ ਨੂੰ ਲੈ ਕੇ ਵੀ ਸਿਆਸਤ ਕੀਤੀ ਹੈ ਅਤੇ ਜੋ ਬੰਦਾ ਗੁਰੂ ਦਾ ਨਹੀਂ ਹੋ ਸਕਦਾ ਉਹ ਪੰਜਾਬ ਦਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਵੀ 80 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਪਰ ਅਕਾਲੀ ਦਲ ਨੇ ਕਦੇ ਇਸ 'ਤੇ ਸਿਆਸਤ ਨਹੀਂ ਕੀਤੀ।
ਇਸ ਮੌਕੇ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੇ ਮੁੱਖ ਮੰਤਰੀ ਸੁਨੀਲ ਜਾਖੜ ਹੋਣ ਦੇ ਬਿਆਨ ਤੇ ਵੀ ਆਪਣਾ ਤਿੱਖਾ ਪ੍ਰਤਿਕਰਮ ਦਿੱਤਾ ਤੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਇਹ ਸਾਫ਼ ਹੋ ਗਿਆ ਕਿ ਜਾਖੜ ਗੁਰਦਾਸਪੁਰ ਦੀ ਸੀਟ ਹਾਰ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੱਧੂ ਇਹ ਕਹਿ ਚੁੱਕੇ ਹਨ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਸਾਰੀਆਂ ਸੀਟਾਂ ਨਹੀਂ ਜਿੱਤੀ ਤਾਂ ਮੁੱਖ ਮੰਤਰੀ ਵੀ ਅਸਤੀਫ਼ਾ ਦੇਣ। ਮਜੀਠੀਆ ਨੇ ਕਿਹਾ ਕਿ ਕਾਂਗਰਸ ਪੰਜਾਬ ਚੋਂ ਸ਼ਾਇਦ ਇੱਕ ਸੀਟ ਜਿੱਤ ਲਵੇ ਉਹ ਵੀ ਕਿਸਮਤ ਦੇ ਸਹਾਰੇ।