ਲੁਧਿਆਣਾ: ਸੂਬੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਇਸ ਦੇ ਚੱਲਦੇ ਹੀ ਪੰਜਾਬ ਦੀ ਸਿਆਸਤ ਵੀ ਗਰਮਾ ਚੁੱਕੀ ਹੈ। ਇਸ ਗਰਮਾਏ ਸਿਆਸੀ ਮਾਹੌਲ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਦਲ ਬਦਲੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ।
ਸੇਖਵਾਂ ਦੇ ਆਪ ‘ਚ ਸ਼ਾਮਿਲ ਹੋਣ ‘ਤੇ ਭਾਜਪਾ ਨੇ ਆਪ ਨੂੰ ਲਾਏ ਰਗੜੇ ਇਸ ਦੇ ਚੱਲਦੇ ਹੀ ਅੱਜ ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ ਕੇਰਜੀਵਾਲ ਵੱਲੋਂ ਸਾਬਕਾ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ।
ਸੇਵਾ ਸਿੰਘ ਸੇਖਵਾਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨੂੰ ਲੈਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਆਪ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਲੁਧਿਆਣਾ ਤੋਂ ਭਾਜਪਾ ਆਗੂ ਅਨਿਲ ਸਰੀਨ ਨੇ ਆਪ ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਬਦਲ ਦੀ ਗੱਲ ਕਰ ਰਹੀ ਸੀ ਤੇ ਪੰਜਾਬ ਵਿੱਚ ਨਵੇਂ ਚਿਹਰੇ ਲਿਆਉਣ ਦੀ ਗੱਲ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਦੇ ਵਿੱਚ ਉਤਾਰਨ ਦੇ ਲਈ ਕੋਈ ਉਮੀਦਵਾਰ ਨਹੀਂ ਹੈ ਪਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵੱਡੇ ਸੁਪਨੇ ਵੇਖ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਆਪ ਨੂੰ ਪੰਜਾਬ ਵਿੱਚੋਂ ਕੁਝ ਵੀ ਹਾਸਿਲ ਨਹੀਂ ਹੋਣਾ।
ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਵੇਂ ਚਿਹਰੇ ਲਿਆਉਣ ਦੀ ਗੱਲ ਕਰ ਰਹੀ ਸੀ ਪਰ ਜਿਸ ਤਰ੍ਹਾਂ ਸੇਵਾ ਸਿੰਘ ਸੇਖਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਉਸ ਤੋਂ ਲੱਗਦਾ ਹੈ ਆਪ ਦੇ ਕੋਲ ਕੁਝ ਵੀ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀਆਂ ਵਿੱਚੋਂ ਕੱਢੇ ਹੋਏ ਲੋਕਾਂ ਨੂੰ ਸ਼ਾਮਿਲ ਕਰ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਆਪ ਦਾ ਪੰਜਾਬ ਦੇ ਵਿੱਚ ਕੋਈ ਵੀ ਵਜੂਦ ਨਹੀਂ ਹੈ।
ਇਹ ਵੀ ਪੜ੍ਹੋ:ਸੇਵਾ ਸਿੰਘ ਸੇਖਵਾਂ ਨੇ ਫੜਿਆ ਆਪ ਦਾ ਹੱਥ