ਲੁਧਿਆਣਾ:ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਅੱਜ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਪਹਿਲਾਂ ਉਹਨਾਂ ਦਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਹੋਇਆ ਜਿਸ ਤੋਂ ਬਾਅਦ ਦੀਪ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਸ ਤੋਂ ਮਗਰੋਂ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅੱਜ ਸਵੇਰੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ।
ਵੱਡੀਆਂ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ: ਉਹ ਇਨਫੈਕਸ਼ਨ ਦੀ ਦਿੱਕਤ ਨਾਲ ਜੂਝ ਰਹੇ ਸਨ। ਉਹਨਾਂ ਦੇ ਬੇਟੇ ਨੇ ਦੱਸਿਆ ਕਿ ਲਗਾਤਾਰ ਪੰਜਾਬੀ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਦੇ ਉਹਨਾਂ ਨੂੰ ਸਵੇਰ ਤੋਂ ਹੀ ਫੋਨ ਆ ਰਹੇ ਨੇ। ਉਹਨਾਂ ਦੇ ਬੇਟੇ ਮਨਿੰਦਰ ਛਿੰਦਾ ਨੇ ਕਿਹਾ ਕਿ ਪੰਜਾਬੀ ਸੰਗੀਤ ਜਗਤ ਨੂੰ ਅੱਜ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਇਲਾਜ ਕਰਨ ਲਈ ਪੂਰੀ ਵਾਹ ਲਗਾ ਦਿੱਤੀ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹਨਾਂ ਦੇ ਬੇਟੇ ਨੇ ਦੱਸਿਆ ਕਿ ਜਦੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਉਹਨਾਂ ਨੂੰ ਕਾਫ਼ੀ ਉਮੀਦ ਸੀ ਕਿ ਉਹ ਠੀਕ ਹੋ ਜਾਣਗੇ, ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਜੀ ਨੇ ਵੀ ਉਹਨਾਂ ਨੂੰ ਹਰ ਮਦਦ ਦਾ ਭਰੋਸਾ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਕਿਤੇ ਵੀ ਇਲਾਜ ਕਰਵਾਉਣ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਦੇ ਨਾਲ ਸਵੇਰ ਤੋਂ ਗੱਗੂ ਗਿੱਲ ਅਤੇ ਹੋਰ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੀ ਹਸਤੀਆਂ ਦੇ ਉਹਨਾਂ ਨੂੰ ਫੋਨ ਆ ਰਹੇ ਨੇ।