ਲੁਧਿਆਣਾ: ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ 'ਚ ਬੀਤੀ ਰਾਤ ਬੁਲਾਈ ਗਈ ਵੱਖ-ਵੱਖ ਮਸਜਿਦਾਂ ਦੇ ਪ੍ਰਧਾਨ ਸਾਹਿਬਾਨ ਅਤੇ ਇਮਾਮ ਸਾਹਿਬਾਨ ਅਤੇ ਸਾਮਾਜਿਕ ਸੰਗਠਨਾਂ ਦੇ ਜਿੰਮੇਦਾਰਾਂ ਦੀ ਮੀਟਿੰਗ 'ਚ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਐਲਾਨ ਕੀਤਾ ਕਿ ਲੁਧਿਆਣਾ ਦੇ ਮੁਸਲਮਾਨ ਸਮਾਜ ਵੱਲੋਂ ਦੇਸ਼ ਦੀਆਂ ਬੇਟੀਆਂ ਲਈ ਜਲਦੀ ਹੀ ਲੁਧਿਆਣਾ 'ਚ ਹਬੀਬ ਗਰਲਜ਼ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ।
ਜਲਦੀ ਹੀ ਕੈਂਪਸ ਦਾ ਡਿਜਾਇਨ ਫਾਇਨਲ ਹੁੰਦੇ ਹੀ ਕਾਲਜ ਬਣਨਾ ਸ਼ੁਰੂ ਹੋ ਜਾਵੇਗਾ:ਉਨ੍ਹਾਂ ਦੱਸਿਆ ਕਿ ਇਹ ਕਾਲਜ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਸੁਫ਼ਨਾ ਸੀ, ਇਸ ਲਈ ਇਹ ਸੰਸਥਾਨ ਉਨ੍ਹਾਂ ਨੂੰ ਹੀ ਸਮਰਪਿਤ ਕੀਤਾ ਗਿਆ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਇਸ ਵਿਸ਼ੇ 'ਚ ਬੁਲਾਏ ਗਏ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਲੁਧਿਆਣਾ 'ਚ ਬਣਾਉਣ ਜਾ ਰਹੇ ਹਬੀਬ ਗਰਲਜ਼ ਕਾਲਜ ਲਈ ਜਗ੍ਹਾ ਲੈ ਲਈ ਗਈ ਹੈ ਅਤੇ ਜਲਦੀ ਹੀ ਕੈਂਪਸ ਦਾ ਡਿਜਾਇਨ ਫਾਇਨਲ ਹੁੰਦੇ ਹੀ ਕਾਲਜ ਬਣਨਾ ਸ਼ੁਰੂ ਹੋ ਜਾਵੇਗਾ। ਕਾਲਜ ਦਾ ਸਥਾਪਨਾ ਸਮਾਰੋਹ 10 ਸਤੰਬਰ ਨੂੰ ਆਯੋਜਿਤ ਕੀਤਾ ਜਾਵੇਗਾ।
ਕਰਵਾਏ ਜਾਣਗੇ ਸਾਰੇ ਡਿਗਰੀ ਕੋਰਸ: ਉਨ੍ਹਾਂ ਦੱਸਿਆ ਕਿ ਹਬੀਬ ਗਰਲਜ਼ ਕਾਲਜ 'ਚ ਐਮ.ਏ, ਬੀ. ਏ, ਸਹਿਤ ਸਾਰੇ ਡਿਗਰੀ ਕੋਰਸ ਕਰਵਾਏ ਜਾਣਗੇ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸ ਕਾਲਜ ਦੀ ਸ਼ਾਨਦਾਰ ਇਮਾਰਤ ਨੂੰ ਬਣਾਉਣ ਲਈ ਸ਼ਹਿਰ ਅਤੇ ਸੂਬੇ ਦੀਆਂ ਸਾਰੀਆਂ ਮਸਜਿਦਾਂ ਦੇ ਨਮਾਜੀ ਯੋਗਦਾਨ ਦੇਣਗੇ।
ਇਸ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਹਿਰਾਰ ਫਾਉਂਡੇਸ਼ਨ (ਐਨ.ਜੀ.ਓ) ਦੀ ਸਥਾਪਨਾ ਕਰ ਦਿੱਤੀ ਗਈ ਹੈ। ਸ਼ਾਹੀ ਇਮਾਮ ਨੇ ਦੱਸਿਆ ਕਿ ਹਬੀਬ ਗਰਲਜ਼ ਕਾਲਜ ਦੇ ਮਾਰਗ ਦਰਸ਼ਨ ਲਈ ਬੁੱਧੀ ਜੀਵੀਆਂ ਉਦਯੋਗਪਤੀਆਂ, ਨੌਕਰਸ਼ਾਹੀ ਅਤੇ ਧਾਰਮਿਕ ਵਿਦਵਾਨਾਂ 'ਤੇ ਆਧਾਰਿਤ ਐਡਵਾਇਜਰੀ ਬੋਰਡ ਬਣਾਇਆ ਜਾ ਰਿਹਾ ਹੈ। ਸ਼ਾਹੀ ਇਮਾਮ ਨੇ ਦੱਸਿਆ ਕਾਲਜ ਦਾ ਹੋਸਟਲ ਨਾਲ ਹੀ ਬਣੇਗਾ ਤਾਂਕਿ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਘੱਟਗਿਣਤੀ ਵਰਗ ਦੀਆਂ ਬੇਟੀਆਂ ਇੱਥੇ ਰਹਿ ਕੇ ਸਿੱਖਿਆ ਹਾਸਲ ਕਰ ਸਕਣ।
ਇਹ ਵੀ ਪੜ੍ਹੋ:SGPC ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ, ਕਾਰਵਾਈ ਦੀ ਮੰਗ