ਲੁਧਿਆਣਾ: ਜਿੱਥੇ ਪਹਿਲਾਂ ਕੋਰੋਨਾ ਮਹਾਂਮਾਰੀ ਕਾਰਨ ਛੋਟੇ ਤੋਂ ਲੈ ਕੇ ਹਰ ਪੱਧਰ ਉੱਤੇ ਕਾਮਿਆਂ ਅਤੇ ਵਪਾਰੀਆਂ ਦਾ ਕੰਮ ਪ੍ਰਭਾਵਿਤ ਹੋਇਆ ਹੈ, ਉੱਥੇ ਹੀ, ਇਕ ਵਾਰ ਫਿਰ ਤੋਂ ਸੀਜ਼ਨ ਦੌਰਾਨ ਵਪਾਰੀਆਂ ਨੂੰ ਕੋਰੋਨਾ ਅਤੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਕਾਰਨ ਘਾਟੇ ਦੀ ਦੋਹਰੀ ਮਾਰ ਪੈ ਰਹੀ ਹੈ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹਨ, ਪਰ ਟੈਂਟ ਵਾਲਿਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਚੋਣਾਂ ਦੇ ਦੌਰਾਨ ਟੈਂਟ ਅਤੇ ਡੈਕੋਰੇਸ਼ਨ ਵਾਲਿਆਂ ਨੂੰ ਵੱਡੇ ਆਰਡਰ ਮਿਲਦੇ ਹਨ, ਪਰ ਇਸ ਵਾਰ ਨਾ ਤਾਂ ਚੋਣਾਂ ਨੂੰ ਲੈਕੇ ਕੋਈ ਵੱਡੇ ਆਰਡਰ ਮਿਲ ਰਹੇ ਹਨ ਅਤੇ ਨਾ ਹੀ ਇਸ ਵਾਰ ਵਿਆਹ ਸ਼ਾਦੀਆਂ ਦੇ ਆਰਡਰ ਮਿਲ ਰਹੇ ਹਨ।
"ਕੰਮ ਉੱਤੇ ਪੈ ਰਹੀ ਦੋਹਰੀ ਮਾਰ"
ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਡਿੰਪੀ ਮੱਕੜ ਨੇ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ। 95 ਫ਼ੀਸਦੀ ਕੰਮ ਘੱਟ ਗਿਆ ਹੈ ਅਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਣ ਕਰਕੇ ਲੇਬਰ ਨੂੰ ਵਿਹਲੇ ਬੈਠ ਕੇ ਤਨਖਾਹਾਂ ਦੇਣੀਆਂ ਪੈ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਟੈਂਟ ਹਾਊਸ ਤਾਂ ਬੰਦ ਵੀ ਹੋ ਚੁੱਕੇ ਹਨ। ਚੋਣਾਂ ਦੌਰਾਨ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਵੱਡੇ ਪ੍ਰੋਗਰਾਮ ਹੋਣਗੇ, ਪਰ ਪ੍ਰੋਗਰਾਮਾਂ ਉੱਤੇ ਚੋਣ ਕਮਿਸ਼ਨ ਨੇ ਹਦਾਇਤਾਂ ਲਈਆਂ ਹਨ ਜਿਸ ਕਰਕੇ ਉਨ੍ਹਾਂ ਦੇ ਕੰਮ ਉੱਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ।