ਲੁਧਿਆਣਾ:ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਕਦੀ ਜਾ ਰਹੀ ਹੈ। ਇਸ ਨੂੰ ਲੈਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੁਕ ਕਰਨ ਲਈ ਨਿੱਤ ਨਵੇਂ ਉਪਰਾਲੇ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਇਸ ਤਹਿਤ ਹੀ ਲੁਧਿਆਣਾ ਵਿਖੇ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਨਾ ਕੀਤਾ। ਇਸ ਮੌਕੇ ਪੰਜਾਬ ਦੇ ਡੀਜੀਪੀ ਵੀ ਮੌਜੂਦ ਰਹੇ। ਇਸ ਸਾਈਕਲ ਰੈਲੀ ਦੇ ਵਿੱਚ ਜਿੱਥੇ ਇੱਕ ਪਾਸੇ ਵੱਖ-ਵੱਖ ਸ਼ਖਸ਼ੀਅਤਾਂ ਪੁੱਜੀਆਂ ਉੱਥੇ ਹੀ ਦੂਜੇ ਪਾਸੇ ਵੱਡੇ ਪੱਧਰ 'ਤੇ ਲੁਧਿਆਣਾ ਦੇ ਕਾਰੋਬਾਰੀ, ਰਾਜਨੀਤਿਕ ਆਗੂ ਅਤੇ ਸਿੱਖਿਆ ਜਗਤ ਦੇ ਨਾਲ ਜੁੜੀਆਂ ਸ਼ਖਸ਼ੀਅਤਾਂ ਵੀ ਪਹੁੰਚੀਆਂ। ਜਿਨ੍ਹਾਂ ਨੇ ਸਾਈਕਲ ਰੈਲੀ ਦੇ ਵਿੱਚ ਹਿੱਸਾ ਲਿਆ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ।
ਕਲਾਕਾਰਾਂ ਨੂੰ ਨਸ਼ੇ ਵਿਰੁੱਧ ਉਧਮ ਕਰਨ ਦੀ ਲੋੜ:ਇਸ ਮੌਕੇ ਪੰਜਾਬੀ ਸੰਗੀਤ ਅਤੇ ਕਲਾ ਜਗਤ ਤੋਂ ਵਿਸ਼ੇਸ਼ ਤੌਰ 'ਤੇ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਸਟੇਜ 'ਤੇ ਨਾ ਸਿਰਫ ਆਪਣੀ ਪਰਫੋਰਮੈਂਸ ਦਿੱਤੀ ਗਈ, ਸਗੋਂ ਨੌਜਵਾਨਾਂ ਨੂੰ ਸੁਨੇਹਾ ਵੀ ਦਿੱਤਾ ਗਿਆ। ਉਹਨਾਂ ਇਸ ਉਪਰਾਲੇ ਨੂੰ ਚੰਗਾ ਦੱਸਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਇਹ ਉਪਰਾਲਾ ਸ਼ਲਾਘਾ ਯੋਗ ਹੈ। ਇਸ ਨਾਲ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਸੁਨੇਹਾ ਜਾਵੇਗਾ। ਕੁਲਵਿੰਦਰ ਬਿੱਲਾ ਨੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ ਅਤੇ ਅਜਿਹੇ ਉਪਰਾਲੇ ਪੁਲਿਸ ਅਤੇ ਸਮਾਜ ਸੇਵੀਆਂ ਵੱਲੋਂ ਹੀ ਨਹੀਂ ਬਲਕਿ ਪੰਜਾਬੀ ਸੰਗੀਤ ਜਗਤ ਵੱਲੋਂ ਵੀ ਅਜਿਹੇ ਗਾਣੇ ਕੱਢੇ ਜਾਣੇ ਚਾਹੀਦੇ ਹਨ।