ਲੁਧਿਆਣਾ: ਪੰਜਾਬ 'ਚ ਜਿੱਥੇ ਇਕ ਪਾਸੇ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਲੋਕ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ। ਲੁਧਿਆਣਾ ਦੀ ਸਾਈਕਲ ਇੰਡਸਟਰੀ ਕੋਰੋਨਾ ਦੀ ਮਾਰ ਦੇ ਬਾਵਜੂਦ ਲਗਾਤਾਰ ਵਧ ਫੁੱਲ ਰਹੀ ਹੈ ਅਤੇ ਲੋਕ ਵਧ ਚੜ੍ਹ ਕੇ ਸਾਈਕਲ ਖ਼ਰੀਦ ਰਹੇ ਹਨ। ਉੱਥੇ ਹੀ ਹੁਣ ਸਾਈਕਲ ਇੰਡਸਟਰੀ ਲਈ ਆਰਡਰ ਪੂਰੇ ਕਰਨੇ ਮੁਸ਼ਕਿਲ ਹੋ ਰਹੇ ਹਨ ਕਿਉਂਕਿ ਲਗਾਤਾਰ ਪੰਜਾਬ ਤੋਂ ਮਜ਼ਦੂਰ ਯੂਪੀ, ਬਿਹਾਰ ਵਾਪਸ ਜਾ ਰਹੇ ਹਨ।
ਇਸ ਸਬੰਧੀ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਕਿ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਵੱਧ ਚੜ੍ਹ ਕੇ ਸਾਈਕਲ ਖਰੀਦ ਰਹੇ ਹਨ, ਕਿਉਂਕਿ ਸਾਈਕਲ ਉਨ੍ਹਾਂ ਨੂੰ ਸਿਹਤਮੰਦ ਰੱਖਦਾ ਹੈ। ਪਰ ਲੁਧਿਆਣਾ ਦੀ ਇੰਡਸਟਰੀ ਲਗਾਤਾਰ ਮਜ਼ਦੂਰਾਂ ਦੀ ਘਾਟ ਕਾਰਨ ਸਮੱਸਿਆਵਾਂ ਨਾਲ ਜੂਝ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਕੋਰੋਨਾ ਕਾਰਨ ਪ੍ਰਵਾਸੀ ਮਜ਼ਦੂਰ ਬਹੁਤ ਡਰੇ ਹੋਏ ਹਨ, ਜਿਸ ਕਾਰਨ ਉਹ ਆਪਣੇ ਸੂਬਿਆਂ ਨੂੰ ਵਾਪਸ ਪਰਤ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਮਜ਼ਦੂਰਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਆਰਡਰ ਪੂਰੇ ਕਰਨ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫੈਕਟਰੀਆਂ 'ਚ ਵੱਧ ਤੋਂ ਵੱਧ ਮਜ਼ਦੂਰਾਂ ਦੀ ਵੈਕਸੀਨੇਸ਼ਨ ਕੀਤੀ ਜਾਵੇ ਤਾਂ ਜੋ ਉਹ ਸੁਰੱਖਿਅਤ ਮਹਿਸੂਸ ਕਰ ਸਕਣ।