ਲੁਧਿਆਣਾ: 16 ਜਨਵਰੀ 2015 ਤੋਂ ਭੁੱਖ ਹੜਤਾਲ 'ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੇ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿਚ ਅੱਜ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਉਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਬਠਿੰਡਾ ਤੋਂ ਵਿਸ਼ੇਸ਼ ਤੌਰ ਉਤੇ ਗੁਰਦੀਪ ਸਿੰਘ ਅਤੇ ਗੁਰਚਰਨ ਸਿੰਘ ਪਹੁੰਚੇ ਸੀ। ਉਨ੍ਹਾਂ ਵੱਲੋਂ ਹੜਤਾਲ ਖ਼ਤਮ ਕਰਵਾ ਕੇ ਉਨ੍ਹਾਂ ਨੂੰ ਹੁਣ ਚੰਡੀਗੜ੍ਹ ਦੇ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਪੱਕੇ ਮੋਰਚੇ ਦੇ ਵਿੱਚ ਹਿੱਸਾ ਲੈਣ ਲਈ ਅਰਜ਼ੋਈ ਕੀਤੀ ਗਈ ਹੈ।
ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਇਕ ਮਹੀਨੇ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਗਈ ਦਸਤਖ਼ਤੀ ਮੁਹਿੰਮ ਉਤੇ ਆਪਣੇ ਹਸਤਾਖਰ ਵੀ ਕੀਤੇ ਗਏ ਸਨ। ਬੰਦੀ ਸਿੰਘਾਂ ਦੀ ਰਿਹਾਈ ਲਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਅਤੇ ਹੋਰ ਕੁਝ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਪੱਕਾ ਧਰਨਾ ਚੰਡੀਗੜ੍ਹ ਵਿਖੇ ਲਗਾਇਆ ਗਿਆ ਹੈ। ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਤੇਜ਼ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।
ਕੌਣ ਹੈ ਬਾਪੂ ਸੂਰਤ ਸਿੰਘ:ਬਾਪੂ ਸੂਰਤ ਸਿੰਘ ਖਾਲਸਾ ਦਾ ਜਨਮ 7 ਮਾਰਚ 1933 ਨੂੰ ਹੋਇਆ ਸੀ। ਬਾਪੂ ਸੂਰਤ ਸਿੰਘ ਖਾਲਸਾ ਸਕੂਲ ਤੋਂ ਹੀ ਸਿੱਖ ਕੌਮ ਨੂੰ ਲੈ ਕੇ ਚਲ ਰਹੀਆਂ ਰਾਜਨੀਤੀਕ ਅਤੇ ਧਾਰਮਿਕ ਸਰਗਰਮੀਆਂ ਦੇ ਵਿਚ ਹਿੱਸਾ ਲੈਂਦੇ ਰਹੇ ਹਨ। ਬਾਪੂ ਸੂਰਤ ਸਿੰਘ ਖਾਲਸਾ ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਰਹਿ ਚੁੱਕੇ ਹਨ। 1980 ਦੇ ਵਿਚ ਹੋਏ ਧਰਮ ਯੁੱਧ ਮੋਰਚੇ ਦੇ ਅੰਦਰ ਬਾਪੂ ਸੂਰਤ ਸਿੰਘ ਨੇ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਸਨ। 1984 ਦੇ ਵਿਚ ਹੋਏ ਆਪਰੇਸ਼ਨ ਬਲਿਊ ਸਟਾਰ ਦੇ ਦੌਰਾਨ ਵੀ ਉਹ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾਉਦੇ ਰਹੇ ਅਤੇ ਸਿੱਖਾਂ ਦੇ ਹੱਕਾਂ ਪ੍ਰਤੀ ਲੜਦੇ ਰਹੇ। ਉਹ ਯੂਨਾਇਟਿਡ ਅਕਾਲੀ ਦਲ ਦੇ ਸਕੱਤਰ ਵਜੋਂ ਵੀ ਤਾਇਨਾਤ ਰਹੇ।
ਪੈਰ ਵਿੱਚ ਲੱਗੀ ਗੋਲੀ ਅਤੇ ਜੇਲ੍ਹਾਂ ਕੱਟੀਆਂ:1986 ਦੇ ਵਿਚ ਚਲ ਰਹੇ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਦੇ ਵਿਚ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਪੈਰ ਵਿਚ ਗੋਲੀ ਲੱਗ ਗਈ ਸੀ। ਜਿਸ ਤੋਂ ਬਾਅਦ ਉਨਾਂ ਦਾ ਸਿਆਸੀ ਸਫਰ ਜਾਰੀ ਰਿਹਾ। ਇਸ ਦੌਰਾਨ ਉਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹੇ। ਜਿਸ ਵਿਚ ਪਟਿਆਲਾ ਦੀ ਜੇਲ੍ਹ ਨਾਭਾ ਦੀ ਜੇਲ੍ਹ ਚੰਡੀਗੜ੍ਹ ਦੀ, ਜੇਲ੍ਹ ਅੰਮ੍ਰਿਤਸਰ ਦੀ ਜੇਲ੍ਹ ਸ਼ਾਮਲ ਹੈ। 1988 ਦੇ ਵਿੱਚ ਵੀ ਬਾਪੂ ਸੂਰਤ ਸਿੰਘ ਖਾਲਸਾ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ। ਉਹਨਾਂ ਦੇ 5 ਬੱਚੇ ਅਤੇ ਹੋਰ ਪਰਿਵਾਰ ਅਮਰੀਕਾ ਦਾ ਸਿਟੀਜ਼ਨ ਹੈ। 2013 ਨੂੰ ਜਦੋਂ ਅੰਬ ਸਾਹਿਬ ਦਾ ਮੋਰਚਾ ਲਗਾਇਆ ਗਿਆ ਤਾਂ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਰਾਜਨੀਤਿਕ ਤੌਰ ਉਤੇ ਸਿੱਖ ਆਗੂਆਂ ਨੂੰ ਜੇਲ੍ਹ ਵਿੱਚ ਡੱਕਿਆ ਗਿਆ ਹੈ ਉਹਨਾਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਕਰ ਦਿੱਤਾ।